ਉੱਤਰ ਪ੍ਰਦੇਸ਼ ਦੇ ਪੀਲੀਭੀਤ ਦੇ ਗਜਰੌਲਾ ਥਾਣਾ ਖੇਤਰ ਵਿੱਚ 17 ਸ਼ਰਧਾਲੂਆਂ ਨਾਲ ਭਰੀ ਇੱਕ ਪਿਕਅੱਪ ਵੈਨ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਈ। ਇਸ ਹਾਦਸੇ ‘ਚ 10 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 7 ਲੋਕ ਜ਼ਖਮੀ ਹੋ ਗਏ। ਇਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸਾਰੇ ਸ਼ਰਧਾਲੂ ਹਰਿਦੁਆਰ ਤੋਂ ਗੰਗਾ ਵਿਚ ਇਸ਼ਨਾਨ ਕਰਕੇ ਘਰ ਪਰਤ ਰਹੇ ਸਨ। ਸੜਕ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਡੀਐਮ, ਐਸਪੀ ਜ਼ਿਲ੍ਹਾ ਹਸਪਤਾਲ ਪੁੱਜੇ।
ਪੁਲਿਸ ਦਾ ਕਹਿਣਾ ਹੈ ਕਿ ਪਿਕਅੱਪ ਦੇ ਡਰਾਈਵਰ ਨੂੰ ਨੀਂਦ ਆ ਗਈ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਸੀਐਮ ਯੋਗੀ ਅਤੇ ਸਪਾ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਇਹ ਹਾਦਸਾ ਗਜਰੌਲਾ ਥਾਣਾ ਖੇਤਰ ਦੇ ਮਲਮੂਦ ਨੇੜੇ ਵਾਪਰਿਆ। 8 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਹੋਰ ਜ਼ਖਮੀ ਹੋ ਗਏ। ਮਰਨ ਵਾਲਿਆਂ ਵਿੱਚ ਦੋ ਬੱਚੇ ਵੀ ਸ਼ਾਮਲ ਹਨ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਇਲਾਜ ਲਈ ਜ਼ਿਲਾ ਹਸਪਤਾਲ ਪਹੁੰਚਾਇਆ। ਦੋ ਹੋਰ ਵਿਅਕਤੀਆਂ ਦੀ ਇਲਾਜ ਦੌਰਾਨ ਮੌਤ ਹੋ ਗਈ।