ਛੁੱਟੀਆਂ ‘ਚ ਸਕੂਲ ਖੋਲ੍ਹਣ ਵਾਲੇ ਪ੍ਰਾਈਵੇਟ ਸਕੂਲਾਂ ‘ਤੇ ਸਰਕਾਰ ਦਾ ਐਕਸ਼ਨ, ਨੋਟਿਸ ਜਾਰੀ

0
85

ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਹੁਣ ਪੰਜਾਬ ਦੇ ਸਾਰੇ ਪ੍ਰਾਈਵੇਟ ਸਕੂਲਾਂ ਖਿਲਾਫ ਐਕਸ਼ਨ ਲੈਣਾ ਸ਼ੁਰੂ ਕਰ ਦਿੱਤਾ ਹੈ। ਸਰਦੀਆਂ ਕਰਕੇ ਪੰਜਾਬ ਵਿੱਚ 8 ਜਨਵਰੀ ਤੱਕ ਸਕੂਲਾਂ ਵਿੱਚ ਛੁੱਟੀਆਂ ਹਨ। ਇਸ ਦੌਰਾਨ ਕਈ ਅਜਿਹੇ ਪ੍ਰਾਈਵੇਟ ਸਕੂਲ ਹਨ, ਜਿਨ੍ਹਾਂ ਨੇ ਸਿੱਖਿਆ ਮੰਤਰੀ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਸੋਮਵਾਰ ਨੂੰ ਸਕੂਲ ਖੋਲ੍ਹੇ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਮੂਹ ਜ਼ਿਲ੍ਹਿਆਂ ਦੇ ਸਿੱਖਿਆ ਅਧਿਕਾਰੀਆਂ ਨੂੰ 8 ਜਨਵਰੀ ਤੋਂ ਪਹਿਲਾਂ ਖੁੱਲ੍ਹਣ ਵਾਲੇ ਸਕੂਲਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਅਤੇ ਸਕੂਲ ਖੋਲ੍ਹਣ ਲਈ ਉਨ੍ਹਾਂ ਦੇ ਪ੍ਰਬੰਧਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਦੂਜੇ ਪਾਸੇ ਰੋਪੜ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਵੀ ਰੋਪੜ ਦੇ ਇੱਕ ਸਕੂਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਇਹ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਦਿੱਤੀ।

ਕਾਰਨ ਦੱਸੋ ਨੋਟਿਸ ਵਿੱਚ ਸਪੱਸ਼ਟ ਲਿਖਿਆ ਗਿਆ ਹੈ ਕਿ ਜੇ 3 ਜਨਵਰੀ ਤੱਕ ਲਿਖਤੀ ਰੂਪ ਵਿੱਚ ਕਾਰਨ ਨਾ ਦੱਸਿਆ ਗਿਆ ਤਾਂ ਇਸ ਨੂੰ ਸਰਕਾਰ ਅਤੇ ਵਿਭਾਗ ਦੇ ਹੁਕਮਾਂ ਦੀ ਉਲੰਘਣਾ ਮੰਨਿਆ ਜਾਵੇਗਾ। ਇਸ ਤੋਂ ਬਾਅਦ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।

ਦੱਸਣਯੋਗ ਹੈ ਕਿ ਪੰਜਾਬ ਵਿੱਚ ਧੁੰਦ ਕਰਕੇ ਕਈ ਹਾਦਸੇ ਵਾਪਰ ਰਹੇ ਹਨ। ਅਜਿਹੀ ਸਥਿਤੀ ਵਿੱਚ ਰਾਜ ਸਰਕਾਰ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਨੇ 2 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਕੀਤਾ ਸੀ, ਪਰ ਵਧਦੀ ਠੰਡ ਦੇ ਚੱਲਦਿਆਂ ਛੁੱਟੀਆਂ ਨੂੰ ਵਧਾ ਕੇ 8 ਜਨਵਰੀ ਕਰ ਦਿੱਤੀ ਗਈ ਹੈ।

ਛੁੱਟੀ ਤੋਂ ਬਾਅਦ ਸਾਰੇ ਆਂਗਣਵਾੜੀ ਕੇਂਦਰ ਅਤੇ ਰਾਜ ਦੇ ਸਕੂਲ ਆਪਣੇ ਪਹਿਲਾਂ ਨਿਰਧਾਰਤ ਸਮੇਂ ‘ਤੇ ਖੋਲ੍ਹੇ ਅਤੇ ਬੰਦ ਕੀਤੇ ਜਾਣਗੇ। ਰਾਜ ਸਰਕਾਰ ਨੇ ਸਾਰੇ ਸਰਕਾਰੀ, ਪ੍ਰਾਈਵੇਟ, ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਸਕੂਲ ਸਵੇਰੇ 10 ਵਜੇ ਖੋਲ੍ਹਣ ਦਾ ਫੈਸਲਾ ਕੀਤਾ ਸੀ।

LEAVE A REPLY

Please enter your comment!
Please enter your name here