ਕੀਰਤਪੁਰ ਸਾਹਿਬ ‘ਚ ਇੱਕ ਵੱਡਾ ਰੇਲ ਹਾਦਸਾ ਵਾਪਰ ਗਿਆ ਹੈ। ਇਸ ਹਾਦਸੇ ‘ਚ ਕਈਆਂ ਮਾਸੂਮਾਂ ਦੀ ਜਾਨ ਚਲੀ ਗਈ ਹੈ। ਜਾਣਕਾਰੀ ਅਨੁਸਾਰ ਰੇਲ ਪੱਟੜੀ ‘ਤੇ ਜਾ ਰਹੇ ਬੱਚੇ ਟ੍ਰੇਨ ਦੀ ਚਪੇਟ ‘ਚ ਆ ਗਏ। ਕੀਰਤਪੁਰ ਸਾਹਿਬ ਦੇ ਨਜ਼ਦੀਕ ਲੋਹੰਡ ਪੁਲ ਦੇ ਨੇੜੇ ਟ੍ਰੇਨ ਹਾਦਸਾ ਵਾਪਰ ਗਿਆ। ਇਸ ਹਾਦਸੇ ‘ਚ 4 ਬੱਚੇ ਟ੍ਰੇਨ ਦੀ ਚਪੇਟ ‘ਚ ਆ ਗਏ। ਇਸ ਹਾਦਸੇ ‘ਚ 3 ਬੱਚਿਆਂ ਦੀ ਮੌਤ ਹੋ ਗਈ ਹੈ ਤੇ ਇੱਕ ਬੱਚਾ ਬਾਲ-ਬਾਲ ਬਚਿਆ। ਇਹ ਸਾਰੇ ਹੀ ਬੱਚੇ ਮਜ਼ਦੂਰ ਪਰਿਵਾਰਾਂ ਦੇ ਦੱਸੇ ਜਾ ਰਹੇ ਹਨ।

ਜਾਣਕਾਰੀ ਅਨੁਸਾਰ ਸਹਾਰਨਪੁਰ ਤੋਂ ਊਨਾ ਹਿਮਾਚਲ ਜਾ ਰਹੀ ਟ੍ਰੇਨ ਨਾਲ ਇਹ ਹਾਦਸਾ ਹੋਇਆ। 2 ਬੱਚਿਆਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ ਤੇ ਇੱਕ ਬੱਚਾ ਜੋ ਕਿ ਗੰਭੀਰ ਜ਼ਖਮੀ ਸੀ ਉਸ ਨੂੰ ਹਸਪਤਾਲ ਲਿਜਾਇਆ ਗਿਆ ਤੇ ਉਸ ਨੇ ਵੀ ਦਮ ਤੋੜ ਦਿੱਤਾ। ਜਾਣਕਾਰੀ ਅਨੁਸਾਰ ਇਹ ਬੱਚੇ ਅੱਜ ਸਕੂਲ ਦੀ ਛੁੱਟੀ ਹੋਣ ਕਾਰਨ ਰੇਲ ਪੱਟੜੀ ਦੇ ਕਿਨਾਰੇ ਲੱਗੀਆਂ ਝਾੜੀਆਂ ਕੋਲ ਬੇਰ ਖਾਣ ਲਈ ਇਸ ਪੁਲ ਤੋਂ ਗੁਜ਼ਰ ਰਹੇ ਸਨ ਕਿ ਅਚਾਨਕ ਟ੍ਰੇਨ ਆ ਗਈ ਤੇ ਇਹ ਵੱਡਾ ਹਾਦਸਾ ਵਾਪਰ ਗਿਆ।