ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਪਹਿਲਾ ਜਥਾ 22 ਮਈ ਨੂੰ ਹੋਵੇਗਾ ਰਵਾਨਾ
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 25 ਮਈ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਯਾਤਰਾ ਸਬੰਧੀ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਨੇ ਤਿਆਰੀ ਮੁਕੰਮਲ ਕਰ ਲਈ ਹੈ।
ਰਾਜਪਾਲ ਜੱਥੇ ਨੂੰ ਕਰਨਗੇ ਰਵਾਨਾ
ਜਾਣਕਾਰੀ ਅਨੁਸਾਰ ਰਾਜਪਾਲ ਇਸ ਯਾਤਰਾ ‘ਤੇ ਜਾਣ ਵਾਲੇ ਜੱਥੇ ਨੂੰ ਝੰਡੀ ਦੇ ਕੇ ਰਵਾਨਾ ਕਰਨਗੇ। 22 ਮਈ ਸਵੇਰੇ ਉਤਰਾਖੰਡ ਦੇ ਰਾਜਪਾਲ ਪੰਜ ਪਿਆਰਿਆਂ ਦੀ ਅਗਵਾਈ ’ਚ ਯਾਤਰਾ ’ਤੇ ਜਾਣ ਵਾਲੇ ਪਹਿਲੇ ਜਥੇ ਨੂੰ ਹਰੀ ਝੰਡੀ ਦਿਖਾਉਣਗੇ। ਇਸ ਮੌਕੇ ਸੰਤ ਸਮਾਜ ਸਮੇਤ ਕਈ ਹੋਰ ਪਤਵੰਤੇ ਵੀ ਹਾਜ਼ਰ ਹੋਣਗੇ।
ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਚਮੋਲੀ ਦੇ ਜ਼ਿਲ੍ਹਾ ਅਧਿਕਾਰੀ ਹਿਮਾਂਸ਼ੂ ਖੁਰਾਣਾ ਦੀ ਅਗਵਾਈ ਹੇਠ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਗੁਰਦੁਆਰਾ ਗੋਵਿੰਦਘਾਟ ਦੇ ਸੇਵਾਦਾਰਾਂ ਨੇ ਪੈਦਲ ਰਸਤੇ ਦਾ ਨਿਰੀਖਣ ਕੀਤਾ। ਟਰੱਸਟ ਦੇ ਚੇਅਰਮੈਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਯਾਤਰਾ ’ਤੇ ਜਾਣ ਵਾਲੇ ਸ਼ਰਧਾਲੂਆਂ ਲਈ ਰਜਿਸਟੇ੍ਰਸ਼ਨ ਜ਼ਰੂਰੀ ਹੋਵੇਗੀ।
ਪ੍ਰਤੀ ਦਿਨ 3500 ਸ਼ਰਧਾਲੂਆਂ ਦੀ ਹੱਦ ਤੈਅ
ਇਹ ਆਨਲਾਈਨ ਜਾਂ ਗੁਰਦੁਆਰਾ ਹੇਮਕੁੰਟ ਸਾਹਿਬ, ਰਿਸ਼ੀਕੇਸ਼ ਵਿਖੇ ਕਰਵਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਯਾਤਰਾ ਸਥਾਨ ’ਚ ਜ਼ਿਆਦਾ ਬਰਫ਼ ਪੈਣ ਦੇ ਮੱਦੇਨਜ਼ਰ ਪ੍ਰਸ਼ਾਸਨ ਤੇ ਗੁਰਦੁਆਰਾ ਮੈਨੇਜਮੈਂਟ ਟਰੱਸਟ ਨੇ ਯਾਤਰਾ ਦੇ ਪਹਿਲੇ ਕੁਝ ਦਿਨਾਂ ਲਈ ਪ੍ਰਤੀ ਦਿਨ 3500 ਸ਼ਰਧਾਲੂਆਂ ਦੀ ਹੱਦ ਤੈਅ ਕੀਤੀ ਹੈ।