ਫਗਵਾੜਾ ਦੇ ਸਿਵਲ ਹਸਪਤਾਲ ‘ਚ ਹੰਗਾਮਾ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਫਗਵਾੜਾ ਦੇ ਸਿਵਲ ਹਸਪਤਾਲ ’ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇਥੇ ਇਲਾਜ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਪਰਿਵਾਰ ਵੱਲੋਂ ਡਾਕਟਰ ’ਤੇ ਇਲਾਜ ਵਿਚ ਲਾਪਰਵਾਹੀ ਵਰਤਣ ਦੇ ਦੋਸ਼ ਲਗਾਏ ਗਏ ਹਨ। ਪਰਿਵਾਰ ਨੇ ਲਾਪਰਵਾਹੀ ਦੇ ਦੋਸ਼ ਲਾਉਂਦੇ ਹੋਏ ਉਸ ’ਤੇ ਹਮਲਾ ਕਰ ਦਿੱਤਾ, ਜਿਸ ਨਾਲ ਡਾਕਟਰ ਵੀ ਜ਼ਖ਼ਮੀ ਹੋ ਗਿਆ।
ਇਹ ਵੀ ਪੜ੍ਹੋ: ‘ਮਿਡ-ਡੇ-ਮੀਲ’ ਖਾਣ ਨਾਲ 200 ਬੱਚੇ ਹੋਏ ਬਿਮਾਰ
ਇਸ ਦੌਰਾਨ ਡਾਕਟਰ ਨੂੰ ਛੁਡਾਉਣ ਲਈ ਜਦੋਂ ਸਟਾਫ਼ ਪਹੁੰਚਿਆ ਤਾਂ ਮਹਿਲਾ ਸਟਾਫ਼ ਦੇ ਨਾਲ ਹੀ ਪਰਿਵਾਰ ਵੱਲੋਂ ਹਮਲਾ ਕੀਤਾ ਗਿਆ, ਜਿਸ ਦੇ ਚਲਦਿਆਂ ਫਗਵਾੜਾ ਸਿਵਲ ਹਸਪਤਾਲ ਦੇ ਸਟਾਫ਼ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਫਗਵਾੜਾ ਬੰਗਾ ਰੇਲਵੇ ਟਰੈਕ ’ਤੇ ਰੇਲ ਗੱਡੀ ਦੀ ਲਪੇਟ ’ਚ ਆਉਣ ਵਾਲ ਇੱਕ ਨੌਜਵਾਨ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਸੀ, ਜਿਸ ਨੂੰ ਇਲਾਜ ਲਈ ਹਸਪਤਾਲ ’ਚ ਲਿਆਂਦਾ ਗਿਆ ਸੀ। ਇਲਾਜ ਦੌਰਾਨ ਨੌਜਵਾਨ ਦੀ ਮੌਤ ਹੋ ਗਈ ਜਿੱਥੇ ਪਰਿਵਾਰ ਵੱਲੋਂ ਡਾਕਟਰ ’ਤੇ ਹਮਲਾ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਅਨੁਜ ਪੁੱਤਰ ਜੈ ਪ੍ਰਕਾਸ਼ ਵਾਸੀ ਗੁਰੂ ਤੇਗ ਬਹਾਦਰ ਨਗਰ ਫਗਵਾੜਾ ਦੇ ਰੂਪ ’ਚ ਹੋਈ ਹੈ।
ਇਹ ਵੀ ਪੜ੍ਹੋ: ਹਿਮਾਚਲ ਪ੍ਰਦੇਸ਼ ਚੋਣਾਂ: 11 ਵਜੇ ਤੱਕ 17.98 ਫੀਸਦੀ ਹੋਈ ਵੋਟਿੰਗ
ਨੌਜਵਾਨ ਦੀ ਮੌਤ ਮਗਰੋਂ ਇਸ ਹੰਗਾਮੇ ਦੇ ਚਲਦਿਆਂ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੀ ਪੁਲਿਸ ਮੌਕੇ ’ਤੇ ਪਹੁੰਚੀ ਤਾਂ ਉਨ੍ਹਾਂ ਨੇ 5 ਵਿਅਕਤੀਆਂ ਨੂੰ ਕਾਬੂ ਕਰ ਲਿਆ। ਫਗਵਾੜਾ ਦੇ ਐੱਸ. ਡੀ. ਐੱਮ. ਵੀ ਮੌਕੇ ’ਤੇ ਪਹੁੰਚ ਚੁੱਕੇ ਹਨ।