ਚੜ੍ਹਦੇ ਪੰਜਾਬ ਤੋਂ 33ਵੀਂ ਵਿਸ਼ਵ ਪੰਜਾਬੀ ਕਾਨਫਰੰਸ ਜੋ ਲਾਹੌਰ ਵਿਖੇ ਅੱਜ ਤੋਂ ਸ਼ੁਰੂ ਹੋ ਰਹੀ ਹੈ, ਵਾਸਤੇ 55 ਮੈਂਬਰੀ ਲੇਖਕ ,ਸਾਹਿਤਕਾਰ ਤੇ ਪੱਤਰਕਾਰਾਂ ਦਾ ਵਫਦ ਭਾਰਤੀ ਚੈਪਟਰ ਦੇ ਚੀਫ਼ ਕੁਆਰਡੀਨੇਟਰ ਸਹਿਜਪ੍ਰੀਤ ਸਿੰਘ ਮਾਂਗਟ ਦੀ ਅਗਵਾਈ ਵਿੱਚ ਲਾਹੌਰ ਪੁੱਜਾ।
ਇਸ ਕਾਨਫਰੰਸ ਵਿੱਚ ਦੋਹਾਂ ਪੰਜਾਬ ਦੇ ਯੋਧਿਆਂ, ਸੁਰਵੀਰਾਂ ਅਧਾਰਿਤ ਵਿਸ਼ੇ ‘ਤੇ ਚਰਚਾ ਵੀ ਹੋਵੇਗੀ ਅਤੇ ਪਰਚੇ ਵੀ ਪੜੇ ਜਾਣਗੇ। ਇਸਤੋਂ ਇਲਾਵਾ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿਚ ਪੰਜਾਬੀ ਭਾਸ਼ਾ ਨੂੰ ਲੈਕੇ ਜੋ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ‘ਤੇ ਵੀ ਚਰਚਾ ਕੀਤੀ ਜਾਵੇਗੀ।
ਅੱਜ ਇਸ ਵਫਦ ਦਾ ਸਵਾਗਤ ਢੋਲ ਧਮਾਕਿਆਂ ਅਤੇ ਫੁੱਲ ਵਰਸਾਕੇ ਨਿੱਘਾ ਸਵਾਗਤ ਕੀਤਾ ਗਿਆ । ਵਿਸ਼ਵ ਪੰਜਾਬੀ ਕਾਂਗਰਸ ਦੇ ਕੌਮੀ ਚੇਅਰਮੈਨ ਫ਼ਖਰ ਜ਼ਮਾਨ ਵਲੋਂ ਸਵਾਗਤ ਕਰਦੇ ਹੋਏ ਆਪਸੀ ਭਾਈਚਾਰਕ ਸਾਂਝ ਨੂੰ ਲੈਕੇ ਇੱਕ ਪਿਆਰ ਭਰਿਆ ਸੁਨੇਹਾ ਵੀ ਦਿੱਤਾ ।
4 ਮਾਰਚ ਤੋਂ ਲੈਕੇ 10 ਮਾਰਚ ਤੱਕ ਚੱਲਣ ਵਾਲੀ ਕਾਨਫਰੰਸ ਵਿੱਚ ਕਈ ਵਿਸ਼ਿਆਂ ਤੇ ਬਹਿਸ ਵੀ ਹੋਵੇਗੀ । ਇਸ ਕਾਨਫਰੰਸ ਵਿੱਚ ਭਾਰਤ ਤੋਂ ਇਲਾਵਾ ਇੰਗਲੈਂਡ ਅਤੇ ਅਮਰੀਕਾ ਤੋਂ ਵੀ ਸਾਹਿਤਕਾਰ ਪੁੱਜੇ ਹਨ ।
ਇਸ ਕਾਨਫਰੰਸ ਦੌਰਾਨ ਕਵੀ ਸੰਮੇਲਨ ਵੀ ਹੋਵੇਗਾ ਅਤੇ ਅੰਤਿਮ ਦਿਨ ਪੰਜਾਬੀ ਸਭਿਆਚਾਰ ਨੂੰ ਲੈਕੇ ਇਕ ਵਿਸ਼ੇਸ਼ ਪ੍ਰੋਗਰਾਮ ਵੀ ਉਲੀਕਿਆ ਗਿਆ ਹੈ । ਭਾਰਤ ਤੋਂ ਆਏ ਵਫ਼ਦ ਵਿਚ ਉੱਘੇ ਸਾਹਿਤਕਾਰ ਗੁਰਭਜਨ ਗਿੱਲ, ਲੇਖਕ ਤੇ ਸੇਵਾ ਮੁਕਤ ਆਈ ਏ ਐਸ ਜੰਗ ਬਹਾਦਰ ਗੋਇਲ, ਸੁਸ਼ੀਲ ਦੋਸਾਂਝ, , ਉੱਘੇ ਅਦਾਕਾਰ ਅਨੀਤਾ ਸ਼ਬਦੀਸ਼, ਲੇਖਕ ਸ਼ਬਦੀਸ਼, ਪੰਜਾਬੀ ਗਾਇਕ ਤੇ ਫ਼ਿਲਮੀ ਹੀਰੋ ਰਵਿੰਦਰ ਗਰੇਵਾਲ, ਸੁਖਵਿੰਦਰ ਅੰਮ੍ਰਿਤ, ਮਾਧਵੀ ਕਟਾਰੀਆ ਸੇਵਾਮੁਕਤ ਆਈਏਐਸ, ਪੰਜਾਬੀ ਅਦਾਕਾਰਾ ਸੁਨੀਤਾ ਧੀਰ, ਸਰਬਜੀਤ ਕੌਰ, ਪ੍ਰੋਫੈਸਰ ਭਾਰਤਵੀਰ ਕੌਰ,ਰਵਿੰਦਰ ਸਿੰਘ, ਪ੍ਰੋਫੈਸਰ ਤਰਸਪਾਲ ਕੌਰ, ਲੇਖਕ ਜਗਦੀਪ ਸਿੰਘ, ਲੇਖਕ ਹਰਵਿੰਦਰ ਸਿੰਘ, ਪ੍ਰੋਫੈਸਰ ਕੁਲਵੀਰ ਗੋਜਰਾ, ਗੁਰਭੇਜ ਸਿੰਘ , ਪ੍ਰੋਫੈਸਰ ਸਿਮਰਨਜੀਤ ਕੌਰ, ਭੁਪਿੰਦਰ ਕੌਰ, ਕਮਲਜੀਤ ਕੌਰ ਦੋਸਾਂਝ, ਪ੍ਰੋਫੈਸਰ ਮੁਹੰਮਦ ਖਾਲਿਦ ਆਦਿ ਸਾਹਿਤਕਾਰ ਤੇ ਲੇਖਕ ਵਫ਼ਦ ‘ਚ ਸ਼ਾਮਿਲ ਹਨ। ਇਸਤੋਂ ਇਲਾਵਾ ਲਹਿੰਦੇ ਪੰਜਾਬ ਤੋਂ ਬਾਬਾ ਨਜ਼ਮੀ, ਅਫ਼ਜ਼ਲ ਸ਼ਾਹਿਰ, ਖ਼ਾਲਿਦ ਇਜ਼ਾਜ ਮੁਫ਼ਤੀ, ਮੁਹੰਮਦ ਜ਼ਮੀਲ ਗੋਰਮੈਂਟ ਕਾਲਜ ਯੂਨੀਵਰਸਿਟੀ ਲਾਹੌਰ ਦੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋਫੈਸਰ ਕਲਿਆਣ ਸਿੰਘ ਵੀ ਹਾਜ਼ਿਰ ਸਨ ।