ਮੋਗਾਦਿਸ਼ੂ ਦੇ ਇਕ ਹੋਟਲ ‘ਚ ਅੱਤਵਾਦੀਆਂ ਦੁਆਰਾ ਹਮਲਾ ਕਰਨ ਦੀ ਖਬਰ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਦੇ ਇਕ ਮਸ਼ਹੂਰ ਹੋਟਲ ‘ਤੇ ਦੇਰ ਰਾਤ ਹੋਏ ਅੱਤਵਾਦੀ ਹਮਲੇ ਨਾਲ ਪੂਰਾ ਸ਼ਹਿਰ ਹਿੱਲ ਗਿਆ। ਹਥਿਆਰਬੰਦ ਹਮਲਾਵਰਾਂ ਨੇ ਕਾਰ ਬੰਬ ਰਾਹੀਂ ਹਮਲਾ ਕੀਤਾ, ਜਿਸ ਵਿੱਚ ਕਰੀਬ 12 ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਹੈ। ਇਸ ਦੇ ਨਾਲ ਹੀ ਇਸ ਹਮਲੇ ‘ਚ ਕਈ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ। ਸਾਰਿਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਅੱਤਵਾਦੀ ਅਜੇ ਵੀ ਹਯਾਤ ਹੋਟਲ ‘ਚ ਲੁਕੇ ਹੋਏ ਹਨ। ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਜ਼ਬਰਦਸਤ ਮੁਕਾਬਲਾ ਚੱਲ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਹਮਲਾਵਰਾਂ ਨੇ ਦੋ ਕਾਰਾਂ ਵਿੱਚ ਬੰਬ ਧਮਾਕੇ ਕੀਤੇ ਅਤੇ ਗੋਲੀਆਂ ਵੀ ਚਲਾਈਆਂ। ਦੋ ਕਾਰ ਬੰਬ ਧਮਾਕਿਆਂ ਵਿੱਚ, ਇਕ ਕਾਰ ਹੋਟਲ ਦੇ ਨੇੜੇ ਬੈਰੀਅਰ ਨਾਲ ਟਕਰਾ ਗਈ ਅਤੇ ਦੂਜੀ ਹੋਟਲ ਦੇ ਗੇਟ ਨਾਲ ਟਕਰਾ ਗਈ। ਦੋਵਾਂ ਕਾਰਾਂ ਵਿੱਚ ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਸੁਣ ਕੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ ਵਿੱਚ ਹੁਣ ਤਕ 12 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਮਰਨ ਵਾਲਿਆਂ ਵਿਚ ਜ਼ਿਆਦਾਤਰ ਆਮ ਨਾਗਰਿਕ ਹਨ। ਹੋਟਲ ਦੇ ਅੰਦਰ ਕਈ ਧਮਾਕਿਆਂ ਦੀ ਆਵਾਜ਼ ਵੀ ਸੁਣੀ ਗਈ।