ਸੰਗਰੂਰ ਬਠਿੰਡਾ ਨੈਸ਼ਨਲ ਹਾਈਵੇ ‘ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ ਉਪਲੀ ਪਿੰਡ ਦੇ ਕੋਲ ਬੀਤੀ ਰਾਤ ਲਗਭਗ 11 ਵਜੇ ਹੋਇਆ। ਇਸ ਦਰਦਨਾਕ ਐਕਸੀਡੈਂਟ ਵਿਚ 4 ਨੌਜਵਾਨਾਂ ਦੀ ਮੌਤ ਹੋ ਗਈ।

ਮਿਲੀ ਜਾਣਕਾਰੀ ਮੁਤਾਬਕ 1 ਮੋਟਰਸਾਈਕਲ ‘ਤੇ ਇਹ ਚਾਰੋਂ ਨੌਜਵਾਨ ਸਵਾਰ ਸਨ। ਸਕਾਰਪੀਓ ਗੱਡੀ ਨਾਲ ਹੋਈ ਟੱਕਰ ਵਿਚ 3 ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇੱਕ ਨੂੰ ਪਟਿਆਲਾ ਰੈਫਰ ਕੀਤਾ ਗਿਆ ਸੀ ਪਰ ਰਸਤੇ ਵਿਚ ਹੀ ਉਸ ਨੇ ਵੀ ਦਮ ਤੋੜ ਦਿੱਤਾ। ਸਕਾਰਪੀਓ ਗੱਡੀ ਬਠਿੰਡਾ ਸਾਈਡ ਤੋਂ ਆ ਰਹੀ ਸੀ ਤੇ ਮੋਟਰਸਾਈਕਲ ਨੌਜਵਾਨ ਸਰਵਿਸ ਰੋਡ ਤੋਂ ਮੇਨ ਹਾਈਵੇ ‘ਤੇ ਜਦੋਂ ਚੜ੍ਹਨ ਲੱਗੇ ਤਾਂ ਭਿਆਨਕ ਹਾਦਸਾ ਵਾਪਰ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇੱਕ ਨੌਜਵਾਨ ਦੀ ਮ੍ਰਿਤਕ ਦੇਹ ਕਾਫੀ ਦੂਰ ਖੇਤਾਂ ਵਿਚੋਂ ਮਿਲੀ।

ਇੱਕ ਨੌਜਵਾਨ ਦੀ ਉਮਰ ਲਗਭਗ 29 ਸਾਲ ਤੇ ਤਿੰਨ ਦੀ ਉਮਰ ਲਗਭਗ 20 ਤੋਂ 22 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਮਰਨ ਵਾਲੇ ਦੀ ਪਛਾਣ ਗੁਰਬਾਜ ਸਿੰਘ, ਮੁਖਤਿਆਰ ਸਿੰਘ ਵਾਸੀ ਪਿੰਡ ਗੁੱਜਰਾਂ, ਗੁਰਦੀਪ ਸਿੰਘ ਵਾਸੀ ਪਿੰਡ ਕੰਮੋਮਾਜਰਾ, ਅਮਨਦੀਪ ਸਿੰਘ ਵਾਸੀ ਪਿੰਡ ਥੂਹੀ ਨਾਭਾ ਵਜੋਂ ਹੋਈ ਹੈ।