ਉੱਤਰੀ ਮੈਕਸੀਕੋ ਵਿੱਚ ਇੱਕ ਭਿਆਨਕ ਹਾਦਸਾ ਵਾਪਰ ਜਾਣ ਦੀ ਖਬਰ ਸਾਹਮਮਣੇ ਆਈ ਹੈ। ਇੱਥੇ ਅੱਜ ਸਵੇਰੇ ਮੋਂਟੇਰੀ ਸ਼ਹਿਰ ਵੱਲ ਜਾਣ ਵਾਲੇ ਹਾਈਵੇਅ ‘ਤੇ ਇਕ ਈਂਧਨ ਨਾਲ ਭਰੇ ਟੈਂਕਰ ਅਤੇ ਬੱਸ ਦੀ ਜ਼ਬਰਦਸਤ ਟੱਕਰ ਹੋ ਗਈ। ਇਸ ਘਟਨਾ ‘ਚ 18 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮੀਡੀਆ ਰਿਪੋਰਟਾਂ ਅਨੁਸਾਰ ਸਥਾਨਕ ਅਧਿਕਾਰੀਆਂ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਟੱਕਰ ਵਿਚ ਦੋਵੇਂ ਵਾਹਨ ਪੂਰੀ ਤਰ੍ਹਾਂ ਸੜ ਗਏ। ਪੁਲਿਸ ਵੱਲੋਂ ਜਾਰੀ ਕੀਤੀਆਂ ਤਸਵੀਰਾਂ ਵਿੱਚ ਬੱਸ ਸੜੇ ਹੋਏ ਧਾਤੂ ਦੇ ਢੇਰ ਵਾਂਗ ਨਜ਼ਰ ਆ ਰਹੀ ਹੈ।
ਪੁਲਿਸ ਨੇ ਦੱਸਿਆ ਕਿ ਸ਼ੁਰੂਆਤੀ ਤੌਰ ‘ਤੇ ਨੌਂ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ। ਬਾਅਦ ਵਿੱਚ ਨੌਂ ਹੋਰਾਂ ਦੀਆਂ ਸੜੀਆਂ ਹੋਈਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।
ਜਾਣਕਾਰੀ ਅਨੁਸਾਰ ਹਾਦਸੇ ‘ਚ ਟੈਂਕਰ ਚਾਲਕ ਸੁਰੱਖਿਅਤ ਹੈ। ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲਿਸ ਉਸ ਤੋਂ ਪੁੱਛਗਿੱਛ ਕਰਨ ‘ਚ ਲੱਗੀ ਹੋਈ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਬੱਸ ਹਿਡਾਲਗੋ ਤੋਂ ਮੋਂਟੇਰੀ ਸ਼ਹਿਰ ਜਾ ਰਹੀ ਸੀ। ਫਿਲਹਾਲ ਪੁਲਿਸ ਅੱਗੇ ਦੀ ਜਾਂਚ ‘ਚ ਜੁਟੀ ਹੋਈ ਹੈ।