ਹਿਮਾਚਲ ਪ੍ਰਦੇਸ਼ ਦੀ ਆਈਆਈਟੀ ਮੰਡੀ ਦੇ ਖੋਜਕਰਤਾਵਾਂ ਨੇ ਆਲੂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਲਈ ਬਿਹਤਰੀਨ ਤੇ ਅਨੋਖੀ ਤਕਨੀਕ ਵਿਕਸਤ ਕੀਤੀ ਹੈ, ਜਿਸ ਨਾਲ ਸਿਰਫ਼ ਫ਼ੋਟੋ ਨਾਲ ਹੀ ਫ਼ਸਲ ਦੇ ਖਰਾਬ ਹੋਣ ਦਾ ਪਤਾ ਲਾਇਆ ਜਾ ਸਕੇਗਾ। ਖੋਜਕਰਤਾਵਾਂ ਨੇ ਇੱਕ ਗੁੰਝਲਦਾਰ ਕੰਪਿਊਟੇਸ਼ਨਲ ਮਾਡਲ ਵਾਲਾ ਕੰਪਿਊਟਰ ਐਪ ਤਿਆਰ ਕੀਤਾ ਹੈ, ਜੋ ਆਲੂ ਦੇ ਪੱਤਿਆਂ ਦੀ ਫ਼ੋਟੋ ਤੋਂ ਬਲਾਈਟ ਮਤਲਬ ਝੁਲਸਾ ਰੋਗ ਦਾ ਪਤਾ ਲਗਾ ਸਕੇਗਾ। ਇਹ ਕਾਰਨਾਮਾ ਆਈਆਈਟੀ ਮੰਡੀ ਦੇ ਸਕੂਲ ਆਫ਼ ਕੰਪਿਊਟਿੰਗ ਐਂਡ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਐਸੋਸੀਏਟ ਪ੍ਰੋਫ਼ੈਸਲ ਡਾ. ਸ਼੍ਰੀਕਾਂਤ ਸ੍ਰੀਨਿਵਾਸਨ ਦੀ ਨਿਗਰਾਨੀ ‘ਚ ਸੈਂਟਰਲ ਪੋਟੈਟੋ ਰਿਸਰਚ ਇੰਸਟੀਚਿਊਟ (CPRI), ਸ਼ਿਮਲਾ ਦੇ ਨਾਲ ਮਿਲ ਕੇ ਕੀਤਾ ਹੈ। ਇਸ ਰਿਸਚਰ ‘ਚ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਤਕਨਾਲੋਜੀ ਪੱਤਿਆਂ ਦੇ ਰੋਗਗ੍ਰਸਤ ਹਿੱਸਿਆਂ ਦਾ ਪਤਾ ਲਾਉਣ ‘ਚ ਸਫਲ ਹੋਈ ਹੈ।

ਆਲੂ ਆਮ ਤੌਰ ‘ਤੇ ਬਲਾਈਟ ਰੋਗ ਦਾ ਸ਼ਿਕਾਰ ਹੁੰਦੇ ਹਨ ਤੇ ਜੇਕਰ ਇਸ ਨੂੰ ਸਮੇਂ ਸਿਰ ਨਾ ਰੋਕਿਆ ਗਿਆ ਤਾਂ ਇੱਕ ਹਫਤੇ ‘ਚ ਪੂਰੀ ਫਸਲ ਖਰਾਬ ਹੋ ਜਾਂਦੀ ਹੈ। ਇਸ ਦੀ ਜਾਂਚ ਕਰਨ ਲਈ ਮਾਹਰਾਂ ਨੂੰ ਖੇਤਾਂ ‘ਚ ਜਾਣਾ ਹੁੰਦਾ ਹੈ। ਧਿਆਨ ਨਾਲ ਜਾਂਚ ਤੋਂ ਬਾਅਦ ਇਸ ਬਿਮਾਰੀ ਦਾ ਪਤਾ ਲਾਇਆ ਜਾਂਦਾ ਹੈ ਪਰ ਹੁਣ ਇਸ ਨਵੀਂ ਤਕਨੀਕ ਤੋਂ ਬਾਅਦ ਸਿਰਫ਼ ਪੱਤਿਆਂ ਦੀ ਫ਼ੋਟੋ ਹੀ ਪਤਾ ਲਾ ਸਕੇਗੀ ਕਿ ਫਸਲ ਬਿਮਾਰ ਹੈ ਜਾਂ ਨਹੀਂ। ਜਾਂਚ ਕਰਨ ਤੋਂ ਬਾਅਦ ਜੇ ਤੁਹਾਨੂੰ ਪਤਾ ਲੱਗ ਗਿਆ ਕਿ ਫਸਲ ਦਾ ਨੁਕਸਾਨ ਹੋਣ ਵਾਲਾ ਹੈ ਤਾਂ ਸਮੇਂ ਸਿਰ ਕੀਟਨਾਸ਼ਕਾਂ ਦੀ ਵਰਤੋਂ ਕਰਕੇ ਫਸਲ ਨੂੰ ਬਚਾਇਆ ਜਾ ਸਕਦਾ ਹੈ।

ਇਸ ਤਰ੍ਹਾਂ ਕੰਮ ਕਰੇਗਾ
ਇਸ ਐਪ ਤੋਂ ਬਿਮਾਰ ਦਿਖਾਈ ਦੇਣ ਵਾਲੇ ਪੱਤਿਆਂ ਦੀਆਂ ਫ਼ੋਟੋਆਂ ਲੈ ਕੇ ਇਹ ਐਪ ਅਸਲ ਸਮੇਂ ‘ਚ ਪੁਸ਼ਟੀ ਕਰੇਗਾ ਕਿ ਕੀ ਪੱਤਾ ਖਰਾਬ ਹੋ ਰਿਹਾ ਹੈ ਜਾਂ ਨਹੀਂ। ਕਿਸਾਨੀ ਨੂੰ ਸਮੇਂ ਸਿਰ ਪਤਾ ਚੱਲੇਗਾ ਕਿ ਖੇਤ ‘ਚ ਬਿਮਾਰੀ ਤੋਂ ਬਚਾਅ ਲਈ ਕਦੋਂ ਸਪਰੇਅ ਕੀਤੀ ਜਾਵੇ ਤਾਂ ਜੋ ਝਾੜ ਖਰਾਬ ਨਾ ਹੋ ਸਕੇ। ਨਾਲ ਹੀ ਫੰਗਸ ਨਾਸ਼ਕ ਲਈ ਪੈਸੇ ਬਰਬਾਦ ਵੀ ਨਹੀਂ ਹੋਣਗੇ।

98 ਫ਼ੀਸਦੀ ਰਿਜਲਟ ਆਏ ਪੋਜ਼ੀਟਿਵ
ਇਸ ਖੋਜ ‘ਚ ਸ਼ਾਮਲ ਡਾ. ਸ਼੍ਰੀਕਾਂਤ ਸ੍ਰੀਨਿਵਾਸਨ ਨੇ ਕਿਹਾ ਕਿ ਹੁਣ ਤਕ ਇਸ ਦੇ 98 ਫ਼ੀਸਦੀ ਨਤੀਜੇ ਪੌਜ਼ੇਟਿਵ ਆਏ ਹਨ। ਇਹ ਮਾਡਲ ਪੂਰੇ ਦੇਸ਼ ‘ਚ ਕੰਮ ਆਵੇ, ਇਸ ਬਾਰੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਇਸ ਮਾਡਲ ਦੀ ਸਫਲਤਾ ਤੋਂ ਬਾਅਦ ਆਈਆਈਟੀ ਮੰਡੀ ਦੀ ਟੀਮ ਇਸ ਨੂੰ ਲਗਪਗ 10 ਐਮਬੀ ਤਕ ਛੋਟਾ ਬਣਾ ਰਹੀ ਹੈ ਤਾਂ ਜੋ ਇਹ ਸਮਾਰਟਫ਼ੋਨ ‘ਤੇ ਐਪਲੀਕੇਸ਼ਨ ਵਜੋਂ ਅਸਾਨੀ ਨਾਲ ਉਪਲੱਬਧ ਹੋ ਸਕੇ।

LEAVE A REPLY

Please enter your comment!
Please enter your name here