ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਛੇਵੇਂ ਸ਼ੂਟਰ ਦੀਪਕ ਮੁੰਡੀ ਨੂੰ ਪੱਛਮੀ ਬੰਗਾਲ-ਨੇਪਾਲ ਸਰਹੱਦ ’ਤੇ ਗ੍ਰਿਫ਼ਤਾਰ ਕਰਨ ਮਗਰੋਂ ਅੱਜ ਦੇਰ ਰਾਤ ਪੰਜਾਬ ਪੁਲਿਸ ਦੀ ਵਿਸ਼ੇਸ਼ ਟੀਮ ਮੁਹਾਲੀ ਏਅਰਪੋਰਟ ’ਤੇ ਲੈ ਕੇ ਪਹੁੰਚੀ। ਉਸ ਦੇ ਦੋ ਸਾਥੀਆਂ ਰਜਿੰਦਰ ਜੋਕਰ ਅਤੇ ਕਪਿਲ ਪੰਡਿਤ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ। ਇਹ ਤਿੰਨੋਂ ਜਾਅਲੀ ਪਾਸਪੋਰਟ ਰਾਹੀਂ ਨੇਪਾਲ ਦੇ ਰਸਤੇ ਵਿਦੇਸ਼ ਭੱਜਣ ਦੀ ਤਾਕ ਵਿੱਚ ਸਨ। ਜਾਣਕਾਰੀ ਅਨੁਸਾਰ ਤਿੰਨੋਂ ਮੁਲਜ਼ਮਾਂ ਨੂੰ ਅੱਜ ਮਾਨਸਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦਾ ਸਿਵਲ ਹਸਪਤਾਲ ‘ਚ ਮੈਡੀਕਲ ਕਰਵਾਇਆ ਜਾ ਰਿਹਾ ਹੈ।
ਇਸ ਤੋਂ ਬਾਅਦ ਉਨ੍ਹਾਂ ਨੂੰ ਮਾਨਸਾ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਏਆਈਜੀ ਗੁਰਮੀਤ ਸਿੰਘ ਚੌਹਾਨ ਅਤੇ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਮੁਲਜ਼ਮਾਂ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪੁਲਿਸ ਪਾਰਟੀ ਰਾਤ ਕਰੀਬ 11 ਵਜੇ ਲੈ ਕੇ ਰਵਾਨਾ ਹੋਈ। ਤਿੰਨਾਂ ਮੁਲਜ਼ਮਾਂ ਨੂੰ ਵੱਖੋ-ਵੱਖ ਵਾਹਨਾਂ ਵਿੱਚ ਲਿਜਾਇਆ ਗਿਆ ਹੈ। ਉਧਰ ਗੋਲਡੀ ਬਰਾੜ ਨੇ ਆਪਣੇ ਪੇਜ ’ਤੇ ਇਹ ਪੋਸਟ ਪਾ ਕੇ ਸਪੱਸ਼ਟ ਕੀਤਾ ਹੈ ਕਿ ਮੂਸੇਵਾਲਾ ਕਤਲ ਮਾਮਲੇ ਵਿੱਚ ਫੜੇ ਗਏ ਬੰਦਿਆਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਉਸ ਨੇ ਪੋਸਟ ਵਿੱਚ ਤਿੰਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਮੁਕਾਉਣ ਦਾ ਖਦਸ਼ਾ ਵੀ ਪ੍ਰਗਟਾਇਆ ਹੈ।
ਬੀਤੇ ਦਿਨੀ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਸੀ ਕਿ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ, ਦਿੱਲੀ ਪੁਲਿਸ ਅਤੇ ਕੇਂਦਰੀ ਏਜੰਸੀਆਂ ਦੇ ਸਾਂਝੇ ਅਪਰੇਸ਼ਨ ’ਚ ਮੁੰਡੀ ਹੱਥੇ ਚੜ੍ਹਿਆ ਹੈ। ਮੂਸੇਵਾਲਾ ਦੀ ਹੱਤਿਆ ਦੇ 100 ਦਿਨਾਂ ਬਾਅਦ ਮੁੰਡੀ ਕਾਬੂ ਕੀਤਾ ਗਿਆ ਹੈ। ਮੁੰਡੀ ਨਾਲ ਫੜੇ ਗਏ ਦੋ ਸਾਥੀਆਂ ’ਤੇ ਦੋਸ਼ ਹੈ ਕਿ ਉਨ੍ਹਾਂ ਸ਼ੂਟਰਾਂ ਨੂੰ ਪਨਾਹ ਦੇਣ ਤੋਂ ਇਲਾਵਾ ਹਥਿਆਰ ਮੁਹੱਈਆ ਕਰਵਾਏ ਸਨ। ਡੀਜੀਪੀ ਨੇ ਟਵੀਟ ਕਰਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ’ਤੇ ਨਸ਼ਿਆਂ ਅਤੇ ਗੈਂਗਸਟਰਾਂ ਖ਼ਿਲਾਫ਼ ਜੰਗ ’ਚ ਵੱਡੀ ਜਿੱਤ ਹਾਸਲ ਹੋਈ ਹੈ।
ਇਕ ਹੋਰ ਟਵੀਟ ’ਚ ਉਨ੍ਹਾਂ ਕਿਹਾ ਕਿ ਖ਼ੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਇਹ ਅਪਰੇਸ਼ਨ ਸਿਰੇ ਚੜ੍ਹਿਆ। ਉਨ੍ਹਾਂ ਦੱਸਿਆ ਕਿ ਦੀਪਕ ਮੁੰਡੀ ਬੋਲੈਰੋ ’ਚ ਹੋਰ ਸ਼ੂਟਰਾਂ ਨਾਲ ਸਵਾਰ ਸੀ ਜਦਕਿ ਕਪਿਲ ਪੰਡਿਤ ਅਤੇ ਰਾਜਿੰਦਰ ਨੇ ਉਸ ਨੂੰ ਪਨਾਹ ਦੇਣ ਦੇ ਨਾਲ ਨਾਲ ਇਲਾਕੇ ਦੀ ਜਾਣਕਾਰੀ ਦਿੱਤੀ ਅਤੇ ਹਥਿਆਰ ਮੁਹੱਈਆ ਕਰਵਾਏ ਸਨ। ਉਧਰ ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਸੀ ਕਿ ਸਿੱਧੂ ਮੂਸੇਵਾਲਾ ਦੇ ਹੋਰ ਕਾਤਲਾਂ ਵਾਂਗ ਮੁੰਡੀ ਨੂੰ ਵੀ ਲਿਆ ਕੇ ਛੇਤੀ ਮਾਨਸਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਸੀ ਕਿ ਦੀਪਕ ਮੁੰਡੀ ਦੇ ਪਿੱਛੇ ਲੰਬੇ ਸਮੇਂ ਤੋਂ ਪੁਲਿਸ ਲੱਗੀ ਹੋਈ ਸੀ ਅਤੇ ਉਹ ਕਈ ਵਾਰ ਪੁਲਿਸ ਦੇ ਹੱਥ ਆਉਂਦਾ-ਆਉਂਦਾ ਬਚਿਆ ਸੀ।