ਅਜੇ ਨਹੀਂ ਖੁੱਲ੍ਹੇਗਾ ਸ਼ੰਭੂ ਬਾਰਡਰ ! ਜਾਣੋ ਸੁਪਰੀਮ ਕੋਰਟ ਨੇ ਕੀ ਦਿੱਤੇ ਆਦੇਸ਼
ਸੁਪਰੀਮ ਕੋਰਟ ਵਿੱਚ ਅੱਜ ਸ਼ੰਭੂ-ਖਨੌਰੀ ਬਾਰਡਰ ਨੂੰ ਲੈ ਕੇ ਸੁਣਵਾਈ ਟਾਲ ਦਿੱਤੀ ਗਈ ਹੈ । ਇਸ ਦੌਰਾਨ ਪੰਜਾਬ ਤੇ ਹਰਿਆਣਾ ਸਰਕਾਰਾਂ ਨੇ ਕਿਸਾਨਾਂ ਦੇ ਨਾਲ ਹੋਈ ਬੈਠਕ ਦੀ ਰਿਪੋਰਟ ਸਿਖਰਲੀ ਅਦਾਲਤ ਨੂੰ ਦਿੱਤੀ। ਜਿਸ ਤੋਂ ਬਾਅਦ ਕੋਰਟ ਨੇ ਦੋਹਾਂ ਸਰਕਾਰਾਂ ਨੂੰ ਕਿਸਾਨਾਂ ਨਾਲ ਬੈਠਕ ਜਾਰੀ ਰੱਖਣ ਨੂੰ ਕਿਹਾ ਹੈ। ਉੱਥੇ ਹੀ ਪੰਜਾਬ ਨੂੰ ਤਿੰਨ ਦਿਨਾਂ ਵਿੱਚ ਹੋਰ ਕਮੇਟੀ ਮੈਂਬਰਾਂ ਦੇ ਨਾਮ ਦੇਣ ਨੂੰ ਕਿਹਾ ਹੈ। ਅਗਲੀ ਸੁਣਵਾਈ 2 ਸਤੰਬਰ ਨੂੰ ਨਿਰਧਾਰਿਤ ਕੀਤੀ ਗਈ ਹੈ।
ਅਗਲੀ ਸੁਣਵਾਈ 2 ਸਤੰਬਰ ਨੂੰ ਹੋਵੇਗੀ
ਸੁਪਰੀਮ ਕੋਰਟ ਨੇ ਕਿਹਾ ਕਿ ਉਹ ਕਿਸਾਨਾਂ ਨਾਲ ਗੱਲਬਾਤ ਕਰਨ ਦੇ ਲਈ ਆਪਣੇ ਵੱਲੋਂ ਵੀ ਵਿਚੋਲਾ ਨਿਯੁਕਤ ਕਰੇਗਾ। ਕੋਰਟ ਨੇ ਸ਼ੰਭੂ ਬਾਰਡਰ ਖੋਲ੍ਹਣ ਤੇ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਕਰਨ ਲਈ ਸੌਖੇ ਤਰੀਕੇ ‘ਤੇ ਜ਼ੋਰ ਦਿੱਤਾ। ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਕਿ ਦੋਵੇਂ ਸੂਬੇ ਗੱਲਬਾਤ ਕਮੇਟੀ ਦੇ ਲਈ ਗੱਲਬਾਤ ਦੇ ਮੁੱਦੇ ਵੀ ਸੁਲਝਾਉਣ। ਇਸ ਮਾਮਲੇ ‘ਤੇ ਹੁਣ ਅਗਲੀ ਸੁਣਵਾਈ 2 ਸਤੰਬਰ ਨੂੰ ਹੋਣ ਵਾਲੀ ਹੈ।
ਤਿੰਨ ਦਿਨ ਦਾ ਦਿੱਤਾ ਗਿਆ ਸਮਾਂ
ਸਿਖਰਲੀ ਅਦਾਲਤ ਨੇ ਕਿਹਾ ਕਿ ਉਹ ਇੱਕ ਹਫ਼ਤੇ ਦੇ ਅੰਦਰ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਗੱਲਬਾਤ ਦੇ ਲਈ ਇੱਕ ਕਮੇਟੀ ਦੇ ਗਠਨ ਦੇ ਸਬੰਧ ਵਿੱਚ ਆਦੇਸ਼ ਦੇਵੇਗੀ। ਜਸਟਿਸ ਸੂਰਿਆਕਾਂਤ, ਜਸਟਿਸ ਦੀਪਾਂਕਰ ਦੱਤਾ ਤੇ ਜਸਟਿਸ ਉੱਜਵਲ ਭੁਇਆ ਦੀ ਬੈਂਚ ਨੇ ਪੰਜਾਬ ਤੇ ਹਰਿਆਣਾ ਸੂਬਿਆਂ ਨੂੰ ਕਿਹਾ ਕਿ ਉਹ ਉਨ੍ਹਾਂ ਮੁੱਦਿਆਂ ਨੂੰ ਲੈ ਕੇ ਸੁਝਾਅ ਦੇਣ, ਜੋ ਕਮੇਟੀ ਦੇ ਲਈ ਹਵਾਲੇ ਦਾ ਕੰਮ ਕਰੇ। ਇਸਦੇ ਲਈ ਤਿੰਨ ਦਿਨ ਦਾ ਸਮਾਂ ਦਿੱਤਾ ਗਿਆ ਹੈ। ਅਦਾਲਤ ਨੇ ਸਾਫ਼ ਕੀਤਾ ਕਿ ਹਵਾਲਾ ਦੇਣ ਨਾਲ ਸਮੱਸਿਆਵਾਂ ਪੈਦਾ ਕਰਨ ਵਾਲੇ ਮੁੱਦਿਆਂ ਨੂੰ ਆਸਾਨੀ ਨਾਲ ਹੱਲ ਕੀਤਾ ਜਾ ਸਕੇਗਾ।
ਕਿਸਾਨਾਂ ਦੇ ਨਾਲ ਬੈਠਕਾਂ ਜਾਰੀ ਰੱਖੀਆਂ ਪੈਣਗੀਆਂ
ਇਸ ਤੋਂ ਅੱਗੇ ਸੁਪਰੀਮ ਕੋਰਟ ਨੇ ਕਿਹਾ ਕਿ ਸੂਬਿਆਂ ਦੇ ਨੁਮਾਇੰਦਿਆਂ ਨੂੰ ਕਿਸਾਨਾਂ ਦੇ ਨਾਲ ਆਪਣੀਆਂ ਬੈਠਕਾਂ ਜਾਰੀ ਰੱਖੀਆਂ ਪੈਣਗੀਆਂ। ਸੁਣਵਾਈ ਦੀ ਅਗਲੀ ਤਾਰੀਕ ‘ਤੇ ਗੱਲਬਾਤ ਦਾ ਨਤੀਜਾ ਕੀ ਨਿਕਲਿਆ ਹੈ। ਇਸ ਦੀ ਜਾਣਕਾਰੀ ਕੋਰਟ ਨੂੰ ਦੇਣੀ ਪਵੇਗੀ। ਕੋਰਟ ਨੇ ਪੰਜਾਬ ਸੂਬੇ ਨੂੰ ਤਿੰਨ ਦਿਨਾਂ ਦੇ ਅੰਦਰ ਕਮੇਟੀ ਢਾਂਚੇ ਲਈ ਹੋਰ ਨਾਂ ਸੁਝਾਉਣ ਦੀ ਇਜਾਜ਼ਤ ਦਿੱਤੀ ਹੈ।