ਗੈਂਗਸਟਰ ਕਾਲਾ ਖੈਰਮਪੁਰੀਆ ਦੇ ਸਾਥੀ ਰੋਹਿਤ ਨੂੰ ਥਾਈਲੈਂਡ ਤੋਂ ਕੀਤਾ ਗ੍ਰਿਫਤਾਰ
ਹਰਿਆਣਾ ਦੇ ਗੈਂਗਸਟਰ ਕਾਲਾ ਖੈਰਮਪੁਰੀਆ ਦੇ ਸਾਥੀ ਰੋਹਿਤ ਨੂੰ ਥਾਈਲੈਂਡ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਰੋਹਿਤ ਨੂੰ ਥਾਈਲੈਂਡ ਤੋਂ ਬੈਂਗਲੁਰੂ ਹਵਾਈ ਅੱਡੇ ‘ਤੇ ਲਿਆਂਦਾ ਗਿਆ ਸੀ। ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਉਸ ਨੂੰ ਹਰਿਆਣਾ ਐਸਟੀਐਫ (ਸਪੈਸ਼ਲ ਟਾਸਕ ਫੋਰਸ) ਟੀਮ ਦੇ ਹਵਾਲੇ ਕਰ ਦਿੱਤਾ ਗਿਆ। ਰੋਹਿਤ ਨੇ 24 ਜੂਨ ਨੂੰ ਹਰਿਆਣਾ ਦੇ ਹਿਸਾਰ ‘ਚ ਮਹਿੰਦਰਾ ਸ਼ੋਅਰੂਮ ਦੇ ਬਾਹਰ ਗੋਲੀਬਾਰੀ ਕਰਨ ਲਈ ਬਦਮਾਸ਼ਾਂ ਨੂੰ ਹਥਿਆਰ ਮੁਹੱਈਆ ਕਰਵਾਏ ਸਨ। ਰੋਹਿਤ ਹਿਸਾਰ ਦੇ ਬਾਲਸਮੰਦ ਪਿੰਡ ਦਾ ਰਹਿਣ ਵਾਲਾ ਹੈ। ਰੋਹਿਤ 24 ਜੂਨ ਦੀ ਘਟਨਾ ਤੋਂ ਬਾਅਦ ਥਾਈਲੈਂਡ ਭੱਜ ਗਿਆ ਸੀ।
ਇਹ ਵੀ ਪੜ੍ਹੋ: ਮੋਹਾਲੀ ‘ਚ ਫਿਰੌਤੀ ਨਾ ਮਿਲਣ ‘ਤੇ ਹੰਗਾਮਾ, ਹੋਟਲਾਂ ‘ਚ ਕੀਤੀ ਭੰਨਤੋੜ
STF ਗੁਰੂਗ੍ਰਾਮ ਦੇ ਡੀਐਸਪੀ ਪ੍ਰੀਤਪਾਲ ਨੇ ਦੱਸਿਆ ਕਿ 24 ਜੂਨ ਨੂੰ ਤਿੰਨ ਬਾਈਕ ਸਵਾਰ ਨੌਜਵਾਨਾਂ ਨੇ ਹਿਸਾਰ ਵਿੱਚ ਮਹਿੰਦਰਾ ਸ਼ੋਅਰੂਮ ਵਿੱਚ ਅੰਨ੍ਹੇਵਾਹ ਗੋਲੀਬਾਰੀ ਕੀਤੀ ਸੀ ਅਤੇ ਵਿਦੇਸ਼ ਵਿੱਚ ਰਹਿੰਦੇ ਕਾਲਾ ਖੈਰਾਮਪੁਰੀਆ ਅਤੇ ਹਿਮਾਂਸ਼ੂ ਭਾਊ ਦੇ ਨਾਂ ’ਤੇ 5 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਪੈਸੇ ਨਾ ਦੇਣ ‘ਤੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।
ਇਸ ਸਬੰਧ ਵਿਚ ਹਿਸਾਰ ਸਿਟੀ ਪੁਲਿਸ ਸਟੇਸ਼ਨ ਵਿਚ ਮਾਮਲਾ ਦਰਜ ਕੀਤਾ ਗਿਆ ਸੀ। ਹਿਸਾਰ ਪੁਲਿਸ ਅਤੇ ਹਰਿਆਣਾ ਐਸਟੀਐਫ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਿਸਾਰ STF ਰੋਹਿਤ ਨੂੰ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕਰੇਗੀ। ਰੋਹਿਤ ਅਤੇ ਕਾਲਾ ਖੈਰਪੁਰੀਆ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾਵੇਗੀ। ਇਹ ਪਤਾ ਲਗਾਇਆ ਜਾਵੇਗਾ ਕਿ ਉਸ ਨੇ ਇਹ ਹਥਿਆਰ ਕਿੱਥੋਂ ਅਤੇ ਕਦੋਂ ਅਪਰਾਧੀਆਂ ਨੂੰ ਮੁਹੱਈਆ ਕਰਵਾਏ ਸਨ।