ਉਤਰਾਖੰਡ ਪੁਲਿਸ ਨੇ ਭਾਜਪਾ ਦੇ ਸੀਨੀਅਰ ਆਗੂ ਵਿਨੋਦ ਆਰੀਆ ਦੇ ਬੇਟੇ ਪੁਲਕਿਤ ਆਰੀਆ ਨੂੰ ਪੌੜੀ ਜ਼ਿਲ੍ਹੇ ਦੇ ਰਿਸ਼ੀਕੇਸ਼ ਕੋਲ ਉਸ ਦੇ ਰਿਜ਼ੋਰਟ ਵਿੱਚ ਰਿਸੈਪਸ਼ਨਿਸਟ ਵਜੋਂ ਕੰਮ ਕਰਨ ਵਾਲੀ 19 ਸਾਲਾ ਅੰਕਿਤਾ ਭੰਡਾਰੀ ਦੀ ਹੱਤਿਆ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਇਸ ਤੋਂ ਬਾਅਦ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਰਾਜ ਦੇ ਸਾਰੇ ਰਿਜ਼ੋਰਟਾਂ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ।

ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੇ ਹੁਕਮਾਂ ’ਤੇ ਪ੍ਰਸ਼ਾਸਨ ਨੇ ਰਿਸੈਪਸ਼ਨਿਸਟ ਅੰਕਿਤਾ ਭੰਡਾਰੀ ਦੀ ਹੱਤਿਆ ਦੇ ਦੋਸ਼ੀ ਪੁਲਕਿਤ ਦੇ ਰਿਜ਼ੋਰਟ ਨੂੰ ਬੁਲਡੋਜ਼ ਚਲਾ ਕੇ ਢਾਹ ਦਿੱਤਾ। ਇਸ ਦੌਰਾਨ ਸ਼ਨੀਵਾਰ ਸਵੇਰੇ ਅੰਕਿਤਾ ਦੀ ਲਾਸ਼ ਵੀ ਨਹਿਰ ’ਚੋਂ ਬਰਾਮਦ ਹੋਈ। ਧਾਮੀ ਦੇ ਹੁਕਮਾਂ ’ਤੇ ਪੁਲਕਿਤ ਦੇ ਰਿਸ਼ੀਕੇਸ਼ ਸਥਿਤ ਰਿਜ਼ੋਰਟ ਨੂੰ ਪੌੜੀ ਜ਼ਿਲਾ ਪ੍ਰਸ਼ਾਸਨ ਨੇ ਸ਼ੁੱਕਰਵਾਰ ਅੱਧੀ ਰਾਤ ਨੂੰ ਢਾਹ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਉੱਤਰਾਖੰਡ ਦੇ ਸਾਰੇ ਰਿਜ਼ੋਰਟਾਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਜਿਹੜੇ ਰਿਜ਼ੋਰਟ ਗੈਰ-ਕਾਨੂੰਨੀ ਬਣ ਚੁੱਕੇ ਹਨ ਜਾਂ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਹਨ, ਉਨ੍ਹਾਂ ਵਿਰੁੱਧ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇ।

ਕੀ ਹੈ ਮਾਮਲਾ
ਸੂਬੇ ਭਰ ਵਿੱਚ ਸਥਿਤ ਹੋਟਲਾਂ/ਰਿਜ਼ੋਰਟਾਂ/ਗੈਸਟ ਹਾਊਸਾਂ ਆਦਿ ਵਿੱਚ ਕੰਮ ਕਰਦੇ ਮੁਲਾਜ਼ਮਾਂ ਤੋਂ ਵੀ ਉਨ੍ਹਾਂ ਦੀ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇ। ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਧਾਮੀ ਨੇ ਸ਼ਨੀਵਾਰ ਸਵੇਰੇ ਸੋਸ਼ਲ ਮੀਡੀਆ ’ਤੇ ਜਾਣਕਾਰੀ ਦਿੱਤੀ ਕਿ ਅੰਕਿਤਾ ਦੀ ਲਾਸ਼ ਸ਼ਨੀਵਾਰ ਸਵੇਰੇ ਬਰਾਮਦ ਹੋਈ। ਇਸ ਦਿਲ ਦਹਿਲਾਉਣ ਵਾਲੀ ਘਟਨਾ ਨਾਲ ਮੇਰਾ ਦਿਲ ਬਹੁਤ ਦੁਖੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਲਈ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਪੀ.ਰੇਣੂਕਾ ਦੇਵੀ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਗਠਿਤ ਕਰਕੇ ਇਸ ਗੰਭੀਰ ਮਾਮਲੇ ਦੀ ਤੇਜ਼ੀ ਨਾਲ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਮੁਲਜ਼ਮਾਂ ਦੇ ਨਾਜਾਇਜ਼ ਤੌਰ ’ਤੇ ਬਣੇ ਰਿਜ਼ੋਰਟ ’ਤੇ ਬੀਤੀ ਦੇਰ ਰਾਤ ਬੁਲਡੋਜ਼ਰ ਵੀ ਚਲਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡਾ ਇਹ ਸੰਕਲਪ ਹੈ ਕਿ ਇਸ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।