ਬੀਤੇ ਦਿਨੀ ਬਿਨਾਂ ਡਰਾਈਵਰ ਅਤੇ ਬਿਨਾਂ ਗਾਰਡ ਦੇ ਟਰੇਨ ਚੱਲਣ ਦੀ ਵੀਡੀਓ ਸਾਹਮਣੇ ਆਈ। ਦੱਸ ਦਈਏ ਕਿ ਇਹ ਟਰੇਨ ਜੰਮੂ ਤੋਂ ਚੱਲ ਕੇ ਪੰਜਾਬ ਪਹੁੰਚ ਗਈ। ਟਰੇਨ ਦੇ ਇਸ ਤਰ੍ਹਾਂ ਚੱਲਣ ਨਾਲ ਵੱਡਾ ਹਾਦਸਾ ਵਾਪਰ ਸਕਦਾ ਸੀ। ਇਸ ਮਾਮਲੇ ‘ਚ ਰੇਲਵੇ ਵਿਭਾਗ ਨੇ ਵੱਡਾ ਐਕਸ਼ਨ ਲਿਆ ਹੈ।
ਦਰਅਸਲ ਰੇਲਵੇ ਵਿਭਾਗ ਨੇ ਬਿਨਾਂ ਡਰਾਈਵਰ ਅਤੇ ਗਾਰਡ ਦੇ ਰੇਲ ਗੱਡੀ ਚੱਲਣ ਦੇ ਮਾਮਲੇ ‘ਚ 6 ਰੇਲ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ। ਮੁਅੱਤਲ ਕੀਤੇ ਗਏ ਰੇਲਵੇ ਕਰਮਚਾਰੀਆਂ ‘ਚ ਸਟੇਸ਼ਨ ਮਾਸਟਰ ਕਠੂਆ, ਲੋਕੋ ਪਾਇਲਟ, ਅਸਿਸਟੈਂਟ ਲੋਕੋ ਪਾਇਲਟ, ਪੁਆਇੰਟ ਮੈਨ, ਟਰੈਫਿਕ ਇੰਸਪੈਕਟਰ ਅਤੇ ਲੋਕੋ ਇੰਸਪੈਕਟਰ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਰੇਲ ਹਾਦਸਿਆਂ ਤੋਂ ਸਬਕ ਨਾ ਲੈਂਦੇ ਹੋਏ ਐਤਵਾਰ ਨੂੰ ਮੁੜ ਰੇਲ ਵਿਭਾਗ ਦੀ ਨਾਲਾਇਕੀ ਉਸ ਸਮੇਂ ਸਾਹਮਣੇ ਆਈ, ਜਦੋਂ ਇਕ ਮਾਲ ਗੱਡੀ ਬਿਨ੍ਹਾਂ ਡਰਾਈਵਰ ਅਤੇ ਬਿਨ੍ਹਾਂ ਗਾਰਡ ਦੇ ਕਰੀਬ 80 ਦੀ ਸਪੀਡ ਨਾਲ ਦੌੜਦੀ ਹੋਈ ਲਗਭਗ 78 ਕਿਲੋਮੀਟਰ ਦਾ ਸਫ਼ਰ ਤੈਅ ਕਰ ਗਈ। ਪ੍ਰਾਪਤ ਵੇਰਵਿਆਂ ਅਨੁਸਾਰ ਐਤਵਾਰ ਤੜਕਸਾਰ ਡੀ. ਐੱਮ. ਟੀ. ਮਾਲ ਗੱਡੀ ਕਠੂਆ ਤੋਂ ਬਿਨ੍ਹਾਂ ਡਰਾਈਵਰ ਅਤੇ ਗਾਰਡ ਦੇ ਟਰੈਕ ’ਤੇ ਦੌੜ ਪਈ ਸੀ।
ਇਸ ਰੇਲ ਗੱਡੀ ਦੇ ਚੱਲਣ ਤੋਂ ਬਾਅਦ ਰੇਲਵੇ ਵਿਭਾਗ ਵਿਚ ਹੜਕੰਪ ਮਚ ਗਿਆ ਸੀ ਅਤੇ ਵਿਭਾਗ ਵੱਲੋਂ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਸੀ। ਸੂਚਨਾ ਮਿਲਦਿਆਂ ਹੀ ਐਮਰਜੈਂਸੀ ਡਿਕਲੇਅਰ ਕਰਦੇ ਹੋਏ ਪਠਾਨਕੋਟ ਕੈਂਟ, ਮੀਰਥਲ, ਭੰਗਾਲਾ, ਮਕੇਰੀਆਂ, ਜਲੰਧਰ ਅਤੇ ਲੁਧਿਆਣਾ ਆਦਿ ਰੇਲਵੇ ਸਟੇਸ਼ਨਾਂ ’ਤੇ ਜਿੱਥੇ ਰੇਲਵੇ ਟਰੈਕ ਤੇ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ, ਉੱਥੇ ਇਨ੍ਹਾਂ ਸਟੇਸ਼ਨਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ।
ਰੇਲ ਗੱਡੀ ਦੀ ਸਪੀਡ ਨੂੰ ਘੱਟ ਕਰਨ ਲਈ ਇਨ੍ਹਾਂ ਰੇਲਵੇ ਸਟੇਸ਼ਨਾਂ ’ਤੇ ਅਧਿਕਾਰੀਆਂ ਅਤੇ ਜੀ. ਆਰ. ਪੀ. ਦੇ ਮੁਲਾਜ਼ਮਾਂ ਨੇ ਗੱਡੀ ਨੂੰ ਰੋਕਣ ਲਈ ਵੱਡੇ ਪੱਥਰ ਅਤੇ ਲੱਕੜ ਦੇ ਵੱਡੇ ਗੁੱਲੇ ਰੱਖਣੇ ਸ਼ੁਰੂ ਕੀਤੇ ਸਨ। ਆਖਿਰ ਬਹੁਤ ਹੀ ਜੱਦੋ-ਜਹਿਦ ਉਪਰੰਤ ਉੱਚੀ ਬੱਸੀ ਵਿਖੇ ਇਸ ਗੱਡੀ ਨੂੰ ਹੌਲੀ ਕਰਕੇ ਰੋਕਿਆ ਗਿਆ ਸੀ।
ਇਸ ਗੱਡੀ ਦੇ ਆਪ ਮੁਹਾਰੇ ਟਰੈਕ ’ਤੇ ਦੌੜਨ ਕਾਰਨ ਜੰਮੂ ਤਵੀ ਐਕਸਪ੍ਰੈੱਸ ਨੂੰ ਢਾਈ ਘੰਟੇ ਲੇਟ ਕਰ ਦਿੱਤਾ ਗਿਆ, ਜਦਕਿ ‘ਵੰਦੇ ਭਾਰਤ’ ਰੇਲ ਗੱਡੀ ਅਤੇ ਹੋਰ ਗੱਡੀਆਂ ਵੀ ਪ੍ਰਭਾਵਿਤ ਹੋਈਆਂ। ਇਸ ਹਾਦਸੇ ਦੀ ਜਾਂਚ ਰੇਲਵੇ ਵਿਭਾਗ ਦੇ ਉੱਪ ਮੰਡਲ ਮੁਕੇਰੀਆਂ ਵੱਲੋਂ ਕੀਤੀ ਜਾ ਰਹੀ ਹੈ।
ਰੇਲਵੇ ਵਿਭਾਗ ਨੇ ਉੱਚ ਪੱਧਰੀ ਜਾਂਚ ਦੇ ਨਿਰਦੇਸ਼ ਦੇ ਦਿੱਤੇ ਸਨ, ਜਿਸ ਤੋਂ ਬਾਅਦ ਅੱਜ 6 ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।