ਪਟਿਆਲਾ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਰਣਨੀਤਿਕ ਸਲਾਹਕਾਰ ਮੋਹੰਮਦ ਮੁਸਤਫਾ ਦਾ ਗੁੱਸਾ ਇੱਕ ਵਾਰ ਫਿਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਫੁੱਟਿਆ ਹੈ। ਇਸਦੇ ਨਾਲ ਹੀ ਉਨ੍ਹਾਂ ਸੂਬੇ ਦੇ ਦੋ ਸਾਬਕਾ ਡੀਜੀਪੀ ਸੁਰੇਸ਼ ਅਰੋੜਾ ਅਤੇ ਦਿਨਕਰ ਗੁਪਤਾ ‘ਤੇ ਵੀ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ ਹੈ ਕਿ ਸਾਜਿਸ਼ ਰਚ ਕੇ ਉਨ੍ਹਾਂ ਨੂੰ ਪੰਜਾਬ ਦਾ ਡੀਜੀਪੀ ਨਹੀਂ ਬਨਣ ਦਿੱਤਾ ਗਿਆ। ਮੁਸਤਫ਼ਾ ਨੇ ਕਿਹਾ ਕਿ ਮੇਰੇ ਲਈ ਡੀ. ਜੀ. ਪੀ. ਬਣਨਾ ਜਾਂ ਨਾ ਬਣਨਾ ਕਦੇ ਵੀ ਕੋਈ ਮੁੱਦਾ ਨਹੀਂ ਰਿਹਾ ਪਰ ਉਨ੍ਹਾਂ ਨੂੰ ਹਮੇਸ਼ਾ ਇਸ ਗੱਲ ਦਾ ਇਤਰਾਜ਼ ਰਹੇਗਾ ਕਿ ਉਨ੍ਹਾਂ ਨੂੰ ਜ਼ਲੀਲ ਕੀਤਾ ਗਿਆ।
ਮੁਸਤਫ਼ਾ ਨੇ ਕਿਹਾ ਕਿ ਮੁੱਖ ਮੰਤਰੀ ਦਫ਼ਤਰ ਦੇ ਚੋਟੀ ਦੇ ਇਕ ਅਫ਼ਸਰ ਵੱਲੋਂ ਉਨ੍ਹਾਂ ਖ਼ਿਲਾਫ਼ ਲਗਾਤਾਰ ਹੋ ਰਹੀਆਂ ਸਾਜ਼ਿਸ਼ਾਂ ਦੇ ਇਸ਼ਾਰੇ ਮਿਲਣ ਦੇ ਬਾਵਜੂਦ ਵੀ ਉਹ ਕੈਪਟਨ ਅਮਰਿੰਦਰ ਸਿੰਘ ‘ਤੇ ਭਰੋਸਾ ਕਰਦੇ ਰਹੇ। ਉਨ੍ਹਾਂ ਕਿਹਾ ਕਿ ਜੇ ਮੈਂ ਇਨ੍ਹਾਂ ਗੱਲਾਂ ‘ਤੇ ਅਮਲ ਕੀਤਾ ਹੁੰਦਾ ਤਾਂ ਪ੍ਰਧਾਨ ਮੰਤਰੀ ਜਾਂ ਉਸ ਸਮੇਂ ਦੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਜ਼ਰੂਰ ਮੁਲਾਕਾਤ ਕਰਦਾ ਜਾਂ ਫਿਰ ਯੂ. ਪੀ. ਐੱਸ. ਸੀ. ਦੇ ਚੇਅਰਮੈਨ ਨੂੰ ਮਿਲ ਲੈਂਦਾ।
ਮੁਸਤਫ਼ਾ ਨੇ ਕਿਹਾ ਕਿ ਜੇਕਰ ਮੈਂ ਇਨ੍ਹਾਂ ‘ਚੋਂ ਇਕ ਨੂੰ ਵੀ ਮਿਲ ਲੈਂਦਾ ਤਾਂ ਮੇਰੇ ਨਾਲ ਅਜਿਹਾ ਧੱਕਾ ਨਾ ਹੁੰਦਾ। ਉਨ੍ਹਾਂ ਕਿਹਾ ਕਿ ਇਹ ਸਾਰੀ ਸਾਜ਼ਿਸ਼ ਸੀ. ਐੱਮ. ਹਾਊਸ ‘ਚ ਰਚੀ ਗਈ। ਮੁਹੰਮਦ ਮੁਸਤਫ਼ਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਮਿਲਣਾ ਹੁਣ ਵੀ ਉਨ੍ਹਾਂ ਦੇ ਏਜੰਡੇ ‘ਚ ਹੈ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਨੂੰ ਜ਼ਰੂਰ ਮਿਲਣ ਦੀ ਕੋਸ਼ਿਸ਼ ਕਰਨਗੇ ਤਾਂ ਜੋ ਭਵਿੱਖ ‘ਚ ਕਿਸੇ ਜਾਅਲੀ ਕਿਰਦਾਰ ਵਾਲੇ ਪਿੱਛਲੱਗੂ ਪਾਲਤੂ ਕਾਰਨ ਕਿਸੇ ਬਹਾਦਰ ਰਾਸ਼ਟਰਵਾਦੀ ਜੰਗੀ ਘੋੜੇ ਦਾ ਘਾਣ ਨਾ ਹੋਵੇ।
DON'T MISS THE DETAILS. pic.twitter.com/Um4JtX0eod
— MOHD MUSTAFA, FORMER IPS (@MohdMustafaips) November 3, 2021