ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਅੱਜ ਦੂਜਾ ਦਿਨ ਹੈ। ਥੋੜੀ ਦੇਰ ‘ਚ ਸਦਨ ਦੀ ਕਾਰਵਾਈ ਸ਼ੁਰੂ ਹੋਣ ਵਾਲੀ ਹੈ। ਸਦਨ ਦੀ ਕਾਰਵਾਈ 9:30 ਵਜੇ ਸ਼ੁਰੂ ਹੋਵੇਗੀ। ਇਸ ਦੌਰਾਨ ਸੀਐਮ ਭਗਵੰਤ ਮਾਨ ਦਾ ਸੰਬੋਧਨ ਹੋਵੇਗਾ। ਅੱਜ ਰਾਜਪਾਲ ਦੇ ਭਾਸ਼ਣ ‘ਤੇ ਮੁੱਖ ਮੰਤਰੀ ਵਲੋਂ ਜਵਾਬ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਉਹ ਕਾਨੂੰਨ ਵਿਵਸਥਾ ‘ਤੇ ਵੀ ਸਰਕਾਰ ਦਾ ਪੱਖ ਰੱਖਣਗੇ।
ਬੀਤੇ ਕੱਲ੍ਹ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਸਰਕਾਰ ਘਿਰ ਗਈ ਸੀ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਨੇ ਪੰਜਾਬ ਸਰਕਾਰ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਪੰਜਾਬ ਦੀ ਸਥਿਤੀ ‘ਤੇ ਘੇਰਿਆ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ 10 ਸੁਰੱਖਿਆ ਗਾਰਡ ਦਿੱਤੇ ਸਨ ਪਰ ਤੁਹਾਡੀ ਸਰਕਾਰ ਨੇ ਗਾਰਡ ਵਾਪਸ ਲੈ ਲਏ ਅਤੇ ਇਹ ਵੀ ਜਨਤਕ ਤੌਰ ‘ਤੇ ਦੱਸਿਆ, ਜਿਸ ਕਾਰਨ ਸਿੱਧੂ ਮੂਸੇਵਾਲਾ ਦੀ ਮੌਤ ਹੋ ਗਈ। ਇਸਦੇ ਜਵਾਬ ਵਿੱਚ ਆਪ ਵਿਧਾਇਕ ਅਮਨ ਅਰੋੜਾ ਨੇ ਕਿਹਾ ਗੈਂਗਸਟਰ ਪਿਛਲੀਆਂ ਸਰਕਾਰਾਂ ਨੇ ਪੈਦਾ ਕੀਤੇ, ਸਾਡੀਆਂ ਸਰਕਾਰਾਂ ਨੇ ਨਹੀਂ, ਅਸੀਂ ਪੁਰਾਣੇ ਕੰਢਿਆਂ ਨੂੰ ਚੁੱਕਣ ਦਾ ਕੰਮ ਕਰ ਰਹੇ ਹਾਂ।
ਬੀਤੇ ਕੱਲ੍ਹ ਸੈਸ਼ਨ ਦੌਰਾਨ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਕਿਹਾ ਕਿ ਸਿਰਫ਼ ਮੁੱਖ ਮੰਤਰੀ ਹੀ ਨਹੀਂ, ਸਗੋਂ ਸਾਬਕਾ ਮੰਤਰੀਆਂ, ਉਪ ਮੁੱਖ ਮੰਤਰੀ ਤੇ ਕਾਰੋਬਾਰੀਆਂ ਨੂੰ ਵੀ ਧਮਕੀਆਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਈ ਲੋਕਾਂ ਡਰਦੇ ਪੁਲਿਸ ਨੂੰ ਸ਼ਿਕਾਇਤ ਵੀ ਨਹੀਂ ਕਰ ਰਹੇ ਅਤੇ ਪੈਸੇ ਦੇ ਰਹੇ ਹਨ। ਇਹ ਵੱਡਾ ਮੁੱਦਾ ਹੈ। ਉਨ੍ਹਾਂ ਕਿਹਾ ਕਿ ਇਹ ਹੁਣ ਤੱਕ ਦਾ ਸਭ ਤੋਂ ਛੋਟਾ ਸੈਸ਼ਨ ਹੈ, ਜਿਸ ‘ਤੇ ਸਪੀਕਰ ਨੇ ਕਿਹਾ ਕਿ ਇਸ ਦਾ ਜਵਾਬ ਮੁੱਖ ਮੰਤਰੀ ਸ਼ਨੀਵਾਰ ਨੂੰ ਸੈਸ਼ਨ ‘ਚ ਦੇਣਗੇ।









