ਜਲੰਧਰ : ਕੋਰੋਨਾ ਮਹਾਂਮਾਰੀ ਦਾ ਖਤਰਾ ਅਜੇ ਘੱਟ ਨਹੀਂ ਹੋਇਆ ਤੇ ਬਲੈਕ ਫੰਗਸ ਦਾ ਖ਼ਤਰਾ ਵੱਧ ਗਿਆ। ਪਰ ਹੁਣ ਇਨ੍ਹਾਂ ਦੋਹਾਂ ਤੋਂ ਇਲਾਵਾ ਇੱਕ ਹੋਰ ਵਾਇਰਸ ਦੇ ਤੇਜ਼ੀ ਨਾਲ ਫੈਲਣ ਦਾ ਖ਼ਤਰਾ ਹੋ ਗਿਆ ਹੈ। ਪੰਜਾਬ ਵਿੱਚ ਬਲੈਕ ਫੰਗਸ ਤੋ ਬਾਅਦ ਹੁਣ ਗ੍ਰੀਨ ਫੰਗਸ ਦੇ ਵੀ ਮਰੀਜ਼ ਸਾਹਮਣੇ ਆਉਣ ਲੱਗੇ ਹਨ। ਜਲੰਧਰ ਜ਼ਿਲ੍ਹੇ ਵਿੱਚ ਪਿਛਲੇ ਤਿੰਨ ਦਿਨਾਂ ਦੌਰਾਨ ਗ੍ਰੀਨ ਫੰਗਸ ਦਾ ਦੂਜਾ ਮਾਮਲਾ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਅਨੁਸਾਰ 43 ਸਾਲਾ ਇਸ ਮਰੀਜ਼ ਦੀ ਸੋਮਵਾਰ ਨੂੰ ਜਾਂਚ ਕੀਤੀ ਸੀ। ਰੇਹੜੂ ਪਿੰਡ ਦਾ ਰਹਿਣ ਵਾਲਾ ਇਹ ਮਰੀਜ਼ ਮਈ ਮਹੀਨੇ ਵਿੱਚ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ ਅਤੇ 3 ਜੂਨ ਨੂੰ ਇਹ ਕੋਰੋਨਾ ਤੋਂ ਠੀਕ ਹੋਇਆ ਸੀ। ਉਸ ਨੂੰ ਲਗਾਤਾਰ ਖੰਘ, ਹਲਕਾ ਬੁਖਾਰ ਅਤੇ ਥੁੱਕ ਵਿੱਚ ਖੂਨ ਦੀ ਸ਼ਿਕਾਇਤ ਸੀ, ਜਿਸ ਦੇ ਚੱਲਦਿਆਂ ਉਸ ਨੂੰ 14 ਜੂਨ ਨੂੰ ਮਕਸੂਦਾਂ ਦੇ ਸੈਕਰਡ ਹਾਰਟ ਹਸਪਤਾਲ ਵਿੱਚ ਦੁਬਾਰਾ ਦਾਖਲ ਕਰਵਾਇਆ ਗਿਆ ਸੀ।
ਹੁਣ ਮਰੀਜ਼ ਦੀ ਹਾਲਤ ਸਥਿਰ ਹੈ ਅਤੇ ਗ੍ਰੀਨ ਫੰਗਸ ਦਾ ਇਲਾਜ ਚੱਲ ਰਿਹਾ ਹੈ। ਸੈਕਰਡ ਹਾਰਟ ਹਸਪਤਾਲ ਦੇ ਡਾਕਟਰ ਆਸ਼ੂਤੋਸ਼ ਧਨੁਕਾ ਨੇ ਦੱਸਿਆ ਕਿ ਪਹਿਲਾਂ ਮਰੀਜ਼ ਕੋਵਿਡ ਪਾਜ਼ੀਟਿਵ ਕਰਕੇ ਹਸਪਤਾਲ ਵਿੱਚ 16 ਦਿਨ ਦਾਖਲ ਰਿਹਾ, ਠੀਕ ਹੋਣ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ ਸੀ।
ਫਿਰ ਮਰੀਜ਼ ਲਗਾਤਾਰ ਖੰਘ ਅਤੇ ਬੁਖਾਰ ਕਾਰਨ ਮੁੜ ਹਸਪਤਾਲ ਚੈੱਕਅਪ ਕਰਵਾਉਣ ਆਇਆ ਕਿਉਂਕਿ ਮਰੀਜ਼ ਗੰਭੀਰ ਕੋਰੋਨਾਵਾਇਰਸ ਦੀ ਲਾਗ ਦਾ ਫਾਲੋ-ਅਪ ਕੇਸ ਸੀ, ਇਸ ਲਈ ਉਸ ਦੀ ਸਾਰੀ ਡਾਕਟਰੀ ਜਾਂਚ ਕੀਤੀ ਗਈ, ਜਿਸ ਵਿੱਚ ਗ੍ਰੀਨ ਫੰਗਸ ਦੀ ਪੁਸ਼ਟੀ ਹੋਈ। ਬਿਮਾਰੀ ਦੀ ਗੰਭੀਰਤਾ ਨੂੰ ਧਿਆਨ ਵਿਚ ਰੱਖਦਿਆਂ ਉਹ ਸਖਤ ਨਿਗਰਾਨੀ ਹੇਠ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਹਸਪਤਾਲ ਵਿਚ 19 ਜੂਨ ਨੂੰ ਇਕ 61 ਸਾਲਾ ਮਰੀਜ਼ ਦੇ ਗ੍ਰੀਨ ਫੰਗਸ ਦੀ ਪੁਸ਼ਟੀ ਹੋਣ ਤੋਂ ਬਾਅਦ ਤਿੰਨ ਦਿਨਾਂ ਬਾਅਦ ਇਹ ਦੂਜਾ ਮਾਮਲਾ ਸਾਹਮਣੇ ਆਇਆ ਹੈ।