ਦੇਸ਼ ਦੀ ਰਾਜਧਾਨੀ ਦਿੱਲੀ ਦੇ ਸਿੰਘੂ ਬਾਰਡਰ ‘ਤੇ ਇੱਕ ਨੌਜਵਾਨ ਦਾ ਬੀਤੇ ਦਿਨੀ ਕਤਲ ਹੋ ਗਿਆ ਸੀ। ਹੁਣ ਕਤਲ ਦਾ ਇਹ ਮਾਮਲਾ ਸੁਪਰੀਮ ਕੋਰਟ ਕੋਲ ਪਹੁੰਚ ਗਿਆ ਹੈ। ਅਰਜ਼ੀ ਦਾਇਰ ਕਰਦਿਆਂ ਸੁਪਰੀਮ ਕੋਰਟ ਦੇ ਵਕੀਲ ਸ਼ਸ਼ਾਂਕ ਸ਼ੇਖਰ ਝਾਅ ਨੇ ਸਿੰਘੂ ਸਰਹੱਦ ਖਾਲੀ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਇਸ ਮਾਮਲੇ ਦੀ ਛੇਤੀ ਸੁਣਵਾਈ ਲਈ ਸੁਪਰੀਮ ਕੋਰਟ ‘ਚ ਅਪੀਲ ਵੀ ਕੀਤੀ ਗਈ ਹੈ। ਨਿਹੰਗ ਸਰਬਜੀਤ ਨੂੰ ਅੱਜ ਪਾਣੀਪਤ ਦੀ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪੇਸ਼ੀ ਤੋਂ ਪਹਿਲਾਂ ਸਰਬਜੀਤ ਦਾ ਮੈਡੀਕਲ ਕੀਤਾ ਜਾਵੇਗਾ।
ਬੀਤੇ ਦਿਨੀ ਸਵੇਰੇ ਅੰਦੋਲਨ ‘ਤੇ ਬੈਠੇ ਕਿਸਾਨਾਂ ਦੇ ਮੰਚ ਦੇ ਕੋਲ ਇੱਕ ਨੌਜਵਾਨ ਦੀ ਲਾਸ਼ ਮਿਲੀ ਸੀ। ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਦਾ ਇੱਕ ਹੱਥ ਕੱਟ ਕੇ ਬੈਰੀਕੇਡ ਨਾਲ ਲਟਕਾ ਦਿੱਤਾ ਗਿਆ ਸੀ। ਇੰਨਾ ਹੀ ਨਹੀਂ, ਨੌਜਵਾਨ ਦੀ ਲਾਸ਼ ਨੂੰ 100 ਮੀਟਰ ਤੱਕ ਘਸੀਟਿਆ ਵੀ ਗਿਆ। ਇਸ ਦੇ ਨਾਲ ਹੀ ਉਸ ਦੇ ਸਰੀਰ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਦੇ ਨਿਸ਼ਾਨ ਵੀ ਮਿਲੇ ਹਨ।
ਸੁਪਰੀਮ ਕੋਰਟ ‘ਚ ਦਾਇਰ ਪਟੀਸ਼ਨ ਵਿੱਚ ਕਿਸਾਨ ਅੰਦੋਲਨ ਨੂੰ ਗੈਰਕਨੂੰਨੀ ਕਰਾਰ ਦਿੰਦਿਆਂ ਦਿੱਲੀ ਦੀ ਸਰਹੱਦ ਤੋਂ ਹਟਾਉਣ ਦੀ ਮੰਗ ਕੀਤੀ ਗਈ ਹੈ। ਇਸ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਹੁਣ ਇੱਕ ਦਲਿਤ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਇੱਕ ਔਰਤ ਨਾਲ ਬਲਾਤਕਾਰ ਵੀ ਹੋਇਆ ਸੀ। ਇਸ ਤੋਂ ਪਹਿਲਾਂ 26 ਜਨਵਰੀ ਨੂੰ ਟਰੈਕਟਰ ਰੈਲੀ ਦੌਰਾਨ ਹਿੰਸਾ ਭੜਕੀ ਸੀ।
ਇਸ ਦੇ ਨਾਲ ਹੀ ਦੱਸ ਦਈਏ ਕਿ ਕਤਲ ਕੇਸ ਦੇ ਦੋ ਮੁਲਜ਼ਮਾਂ ਦੀ ਪਛਾਣ ਹੋ ਗਈ ਹੈ। ਪੁਲਿਸ ਨੇ ਸਰਬਜੀਤ ਸਿੰਘ ਨਾਂ ਦੇ ਨਿਹੰਗ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ। ਸੂਤਰਾਂ ਦਾ ਦਾਅਵਾ ਹੈ ਕਿ ਸਿੰਘੂ ਬਾਰਡਰ ਕਤਲ ਕੇਸ ‘ਚ ਦੋ ਮੁਲਜ਼ਮਾਂ ਦੀ ਪਛਾਣ ਹੋ ਚੁੱਕੀ ਹੈ। ਬਾਬਾ ਅਮਨਦੀਪ ਸਿੰਘ ਅਤੇ ਬਾਬਾ ਨਰਾਇਣ ਸਿੰਘ ਨਾਂ ਦੇ ਦੋ ਦੋਸ਼ੀਆਂ ਦੀ ਪਛਾਣ ਹੋ ਗਈ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਇੱਕ ਨਿਹੰਗ ਸਰਬਜੀਤ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਤਰਨਤਾਰਨ ਦੇ 35 ਸਾਲਾ ਨੌਜਵਾਨ ਲਖਬੀਰ ਸਿੰਘ ਦਾ ਇੱਕ ਹੱਥ ਗੁੱਟ ਤੋਂ ਕੱਟਿਆ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਬੰਨ੍ਹ ਕੇ ਸਿੰਘੂ ਸਰਹੱਦ ‘ਤੇ ਕੁੰਡਲੀ ਵਿੱਚ ਕਿਸਾਨਾਂ ਦੇ ਪ੍ਰਦਰਸ਼ਨ ਸਥਾਨ ਦੇ ਸਾਹਮਣੇ ਬੈਰੀਕੇਡਿੰਗ ‘ਤੇ ਲਟਕਾ ਦਿੱਤਾ ਗਿਆ। ਅੰਦੋਲਨਕਾਰੀ ਕਿਸਾਨਾਂ ਦੀ ਮੁੱਖ ਸਟੇਜ ਦੇ ਨੇੜੇ ਮ੍ਰਿਤਕ ਦੇਹ ਬਰਾਮਦ ਹੋਈ ਸੀ। ਨੌਜਵਾਨ ਦੇ ਸਰੀਰ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲੇ ਦੇ ਨਿਸ਼ਾਨ ਮਿਲੇ ਹਨ। ਨਿਹੰਗਾਂ ‘ਤੇ ਨੌਜਵਾਨਾਂ ਦੇ ਕਤਲ ਦੇ ਦੋਸ਼ ਹਨ, ਦੱਸਿਆ ਜਾ ਰਿਹਾ ਹੈ ਕਿ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਉਥੇ ਨੌਜਵਾਨ ਨੇ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕੀਤਾ ਅਤੇ ਹੱਥ ‘ਚ ਲੈ ਕੇ ਭੱਜ ਰਿਹਾ ਸੀ। ਜਦੋਂ ਨੌਜਵਾਨ ਗੁਰੂ ਗ੍ਰੰਥ ਸਾਹਿਬ ਨੂੰ ਚੁੱਕ ਕੇ ਭੱਜਣ ਲੱਗਾ ਤਾਂ ਸੇਵਾਦਾਰਾਂ ਨੇ ਉਸਨੂੰ ਫੜ ਲਿਆ।
ਐਸਕੇਐਮ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇੱਕ ਨਿਹੰਗ ਸਮੂਹ ਨੇ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ। ਦਾਅਵਾ ਕੀਤਾ ਗਿਆ ਹੈ ਕਿ ਮ੍ਰਿਤਕ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸੇ ਕਾਰਨ ਉਸ ਦਾ ਕਤਲ ਕੀਤਾ ਗਿਆ। ਸੰਯੁਕਤ ਕਿਸਾਨ ਮੋਰਚਾ ਨੇ ਇਸ ਬੇਰਹਿਮ ਨਾਲ ਕੀਤੇ ਕਤਲ ਦੀ ਨਿੰਦਾ ਕੀਤੀ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਕਿਸਾਨ ਸੰਗਠਨ ਦਾ ਦੋਵਾਂ ਧਿਰਾਂ – ਨਿਹੰਗ ਸਮੂਹ ਅਤੇ ਮ੍ਰਿਤਕ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।