ਚੰਡੀਗੜ੍ਹ,15 ਮਾਰਚ : ਪੰਜਾਬ ਦੇ ਸਰਕਾਰੀ ਸਕੂਲਾਂ ਦੇ 72 ਅਧਿਆਪਕਾਂ ਦਾ ਵਫ਼ਦ ਸਿਖਲਾਈ ਲਈ ਅੱਜ (15 ਮਾਰਚ) ਫਿਨਲੈਂਡ ਲਈ ਰਵਾਨਾ ਹੋਇਆ। ਮੁੱਖ ਮੰਤਰੀ ਭਗਵੰਤ ਮਾਨ ਖੁਦ ਅਧਿਆਪਕਾਂ ਨੂੰ ਮਿਲੇ ਅਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਤੋਂ ਬਾਅਦ ਉਨ੍ਹਾਂ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਟ੍ਰੇਨਿੰਗ ਲਈ ਦਿੱਤੀਆਂ ਸ਼ੁੱਭਕਾਮਨਾਵਾਂ
ਸੀਐਮ ਨੇ ਕਿਹਾ ਕਿ “ਅੱਜ ਚੰਡੀਗੜ੍ਹ ਵਿਖੇ ਸਰਕਾਰੀ ਸਕੂਲਾਂ ਦੇ 72 ਅਧਿਆਪਕਾਂ ਦੇ ਦੂਜੇ ਬੈਚ ਨੂੰ ਟ੍ਰੇਨਿੰਗ ਲਈ ਫਿਨਲੈਂਡ ਨੂੰ ਰਵਾਨਾ ਕੀਤਾ। ਸਾਰਿਆਂ ਨੂੰ ਮਿਲ ਕੇ ਟ੍ਰੇਨਿੰਗ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਅਧਿਆਪਕਾਂ ਨੂੰ ਸਮਾਜ ਦੇ ਨਿਰਮਾਤਾ ਮੰਨਿਆ ਜਾਂਦਾ ਹੈ। ਆਸ ਕਰਦੇ ਹਾਂ ਕਿ ਤੁਸੀਂ ਟ੍ਰੇਨਿੰਗ ਤੋਂ ਬਾਅਦ ਅਜਿਹੇ ਵਿਦਿਆਰਥੀ ਤਿਆਰ ਕਰੋਗੇ, ਜੋ ਦੇਸ਼ ਦੀ ਤਰੱਕੀ ਵਿੱਚ ਆਪਣਾ ਹਿੱਸਾ ਪਾਉਣਗੇ। ਪੰਜਾਬ ਦੀ ਸਿੱਖਿਆ ਕ੍ਰਾਂਤੀ ‘ਚ ਅਜਿਹੇ ਉਪਰਾਲੇ ਇਸੇ ਤਰ੍ਹਾਂ ਜਾਰੀ ਰਹਿਣਗੇ।”
ਇਹ ਵੀ ਪੜੋ: ਨੌਂ ਮਹੀਨਿਆਂ ਬਾਅਦ ਸੁਨੀਤਾ ਵਿਲੀਅਮਸ ਦੀ ‘ਘਰ ਵਾਪਸੀ’; ਸਪੇਸਐਕਸ ਵੱਲੋਂ ਕਰੂ-10 ਮਿਸ਼ਨ ਲਾਂਚ
ਸੀਐਮ ਮਾਨ ਨੇ ਕਿਹਾ ਕਿ ਇਹ ਸਿਖਲਾਈ ਪ੍ਰੋਗਰਾਮ ਦੋ ਹਫ਼ਤਿਆਂ ਦਾ ਹੋਵੇਗਾ, ਜਿਸ ਰਾਹੀਂ ਅਧਿਆਪਕਾਂ ਨੂੰ ਬਹੁਤ ਸਾਰੀਆਂ ਨਵੀਆਂ ਗੱਲਾਂ ਸਿੱਖਣ ਨੂੰ ਮਿਲਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਿਖਲਾਈ ਲਈ ਇੱਕ ਗੁੰਝਲਦਾਰ ਪ੍ਰਕਿਰਿਆ ਰਾਹੀਂ ਅਧਿਆਪਕਾਂ ਦੀ ਚੋਣ ਕੀਤੀ ਗਈ ਹੈ।