ਸੰਗਰੂਰ – ਪੰਜਾਬ ਸਰਕਾਰ ਵਲੋਂ ਮੱਕੀ ਪਾਇਲਟ ਪ੍ਰੋਜੇਕਟ ਤਹਿਤ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ ਜ਼ਿਲ੍ਹਾ ਸੰਗਰੂਰ ਵਿਚ ਸਾਉਣੀ ਮੱਕੀ ਦੀ ਬਿਜਾਈ ਕਰਨ ਲਈ ਲਗਾਤਾਰ ਪ੍ਰੇਰਿਤ ਕੀਤਾ ਜਾ ਰਿਹਾ ਹੈ I ਇਸੇ ਕੜੀ ਵਿੱਚ ਡਿਪਟੀ ਕਮਿਸ਼ਨਰ, ਸੰਗਰੂਰ ਸੰਦੀਪ ਰਿਸ਼ੀ ਆਈ. ਏ. ਐੱਸ. ਵੱਲੋਂ ਬਲਾਕ ਸੰਗਰੂਰ ਦੇ ਪਿੰਡ ਲੋਹਾਖੇੜਾ ਦੇ ਅਗਾਂਹਵਧੂ ਕਿਸਾਨ ਚਮਕੌਰ ਸਿੰਘ ਪੁੱਤਰ ਗੁਰਮੀਤ ਸਿੰਘ, ਜਿਨ੍ਹਾਂ ਵਲੋਂ 5 ਏਕੜ ਰਕਬੇ ਵਿੱਚ ਸਾਉਣੀ ਮੱਕੀ ਦੀ ਬਿਜਾਈ ਕੀਤੀ ਜਾ ਰਹੀ ਹੈ, ਦੇ ਖੇਤ ਦਾ ਵਿਸ਼ੇਸ਼ ਤੋਰ ਤੇ ਦੌਰਾ ਕਰਕੇ ਕਿਸਾਨਾਂ ਨੂੰ ਸਾਉਣੀ ਮੱਕੀ ਦੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਉਹਨਾਂ ਦੱਸਿਆ ਕਿ ਸਰਕਾਰ ਵਲੋਂ ਕੀਤੀ ਗਈ ਘੋਸ਼ਣਾ ਅਨੁਸਾਰ ਜਿਹੜਾ ਕਿਸਾਨ ਸਾਉਣੀ ਮੱਕੀ ਦੀ ਬਿਜਾਈ ਕਰਦਾ ਹੈ, ਉਸ ਨੂੰ ਸਰਕਾਰ ਵਲੋਂ 17500 ਰੁਪਏ ਪ੍ਰਤੀ ਹੈਕਟੇਅਰ ਵਿੱਤੀ ਸਹਾਇਤਾ ਦਿੱਤੀ ਜਾਣੀ ਹੈ ਅਤੇ ਇਸ ਦੇ ਨਾਲ ਹੀ ਸਰਕਾਰ ਵਲੋਂ ਮੱਕੀ ਦੀ ਫਸਲ ਦਾ ਘੱਟੋ ਘੱਟ ਸਮਰਥਨ ਮੁੱਲ 2400 ਰੁਪਏ ਨਿਰਧਾਰਿਤ ਕੀਤਾ ਗਿਆ ਹੈ I ਉਹਨਾਂ ਦੱਸਿਆ ਕਿ ਮੱਕੀ ਦੀ ਫ਼ਸਲ ਕਿਸਾਨਾਂ ਨੂੰ ਝੋਨੇ-ਕਣਕ ਦੇ ਫਸਲੀ ਚੱਕਰ ਵਿੱਚੋ ਕੱਢ ਸਕਦੀ ਹੈ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਿਚ ਵੀ ਯੋਗਦਾਨ ਪਾ ਸਕਦੀ ਹੈ I
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ, ਸੰਗਰੂਰ ਡਾ: ਧਰਮਿੰਦਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਕਿਸਾਨਾਂ ਨਾਲ ਲਗਾਤਾਰ ਰਾਬਤਾ ਕਾਇਮ ਕਰਕੇ ਵੱਧ ਤੋਂ ਵੱਧ ਮੱਕੀ ਬੀਜਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ I ਉਹਨਾਂ ਨੇ ਸਾਉਣੀ ਮੱਕੀ ਦੀ ਬਿਜਾਈ ਕਰਨ ਲਈ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਚੋਣ, ਨਦੀਨਾ ਤੋਂ ਬਚਾਅ ਅਤੇ ਖਾਦਾਂ ਦੀ ਵਰਤੋਂ ਸੰਬੰਧੀ ਵਿਸਥਾਰ ਵਿੱਚ ਚਰਚਾ ਕੀਤੀ I