ਪੰਜਾਬ ਕਾਂਗਰਸ ਦਾ ਕਲੇਸ਼ ਮੁੱਕ ਨਹੀਂ ਰਿਹਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਇੱਕ ਵਾਰ ਫਿਰ ਬਾਗ਼ੀ ਸੁਰਾਂ ਤੇਜ਼ ਹੋ ਗਈਆਂ ਹਨ। ਖ਼ਬਰਾਂ ਅਨੁਸਾਰ, ਪੰਜਾਬ ‘ਚ ਕਾਂਗਰਸ ਦੇ 80 ਵਿੱਚੋਂ 40 ਵਿਧਾਇਕਾਂ ਨੇ ਹਾਈਕਮਾਂਡ ਨੂੰ ਚਿੱਠੀ ਲਿਖੀ ਹੈ। ਵਿਧਾਇਕਾਂ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ ਵਿੱਚ ਜਲਦ ਤੋਂ ਜਲਦ ਵਿਧਾਇਕ ਦਲ ਦੀ ਮੀਟਿੰਗ ਬੁਲਾਉਣ ਦੀ ਮੰਗ ਕੀਤੀ ਹੈ। ਇਹ ਵੀ ਕਿਹਾ ਗਿਆ ਹੈ ਕਿ ਦੋ ਕੇਂਦਰੀ ਆਬਜ਼ਰਵਰ ਵੀ ਇਸ ਬੈਠਕ ਵਿੱਚ ਭੇਜੇ ਜਾਣੇ ਚਾਹੀਦੇ ਹਨ। ਵਿਧਾਇਕ ਆਪਣੀ ਗੱਲ ਉਨ੍ਹਾਂ ਦੇ ਸਾਹਮਣੇ ਰੱਖਣਗੇ।

ਖ਼ਬਰਾਂ ਅਨੁਸਾਰ ਬੁੱਧਵਾਰ ਸ਼ਾਮ ਕਾਂਗਰਸ ਦੇ ਸੂਬਾ ਜਨਰਲ ਸਕੱਤਰ (ਸੰਗਠਨ) ਪ੍ਰਗਟ ਸਿੰਘ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਰਿਹਾਇਸ਼ਗਾਹ ‘ਤੇ ਆਗੂਆਂ ਵਿਚਕਾਰ ਗੱਲਬਾਤ ਦਾ ਦੌਰ ਚੱਲਿਆ। ਮੀਟਿੰਗ ‘ਚ ਸ਼ਾਮਲ ਹੋਏ ਵਿਧਾਇਕਾਂ ਨੇ ਮੁੱਖ ਮੰਤਰੀ ਪ੍ਰਤੀ ਬੇਭਰੋਸਗੀ ਪ੍ਰਗਟਾਈ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 25 ਅਗਸਤ ਨੂੰ ਵੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਰਿਹਾਇਸ਼ਗਾਹ ‘ਤੇ ਅਜਿਹੀ ਹੀ ਮੀਟਿੰਗ ਹੋਈ ਸੀ। ਇਸ ਵਿੱਚ ਚਾਰ ਮੰਤਰੀਆਂ ਸਮੇਤ 20 ਵਿਧਾਇਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਬੇਵਿਸਾਹੀ ਪ੍ਰਗਟ ਕੀਤੀ ਸੀ। ਇੱਥੋਂ ਤੱਕ ਕਿ ਚਾਰ ਮੰਤਰੀ ਤੇ ਕੁਝ ਵਿਧਾਇਕ ਦੇਹਰਾਦੂਨ ਵਿੱਚ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨਾਲ ਗੱਲ ਕਰਨ ਲਈ ਗਏ ਤੇ ਫਿਰ ਸੋਨੀਆ ਗਾਂਧੀ ਨੂੰ ਮਿਲਣ ਦਿੱਲੀ ਗਏ।

ਸੋਨੀਆ ਗਾਂਧੀ ਨੇ ਕਿਸੇ ਨੂੰ ਸਮਾਂ ਨਹੀਂ ਦਿੱਤਾ ਤੇ ਮਾਮਲੇ ਨੂੰ ਸੁਲਝਾਉਣ ਲਈ ਹਰੀਸ਼ ਰਾਵਤ ਨੂੰ ਚੰਡੀਗੜ੍ਹ ਭੇਜਿਆ। ਇੱਥੇ ਹਰੀਸ਼ ਰਾਵਤ ਨੇ ਵਿਧਾਇਕਾਂ ਨਾਲ ਵੱਖਰੇ ਤੌਰ ‘ਤੇ ਗੱਲਬਾਤ ਕੀਤੀ ਸੀ। ਬੇਸ਼ੱਕ ਹਾਈਕਮਾਨ ਨੇ ਬਾਗੀਆਂ ਨੂੰ ਸ਼ਾਂਤ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਹਨ ਪਰ ਕੈਪਟਨ ਖਿਲਾਫ ਰੋਹ ਬਰਕਰਾਰ ਹੈ।

LEAVE A REPLY

Please enter your comment!
Please enter your name here