PSEB ਦੀ ਵੱਡੀ ਲਾਪਰਵਾਹੀ ! 12ਵੀਂ ਦੇ ਇਸ ਪੇਪਰ ‘ਚ ਨਿਰਧਾਰਤ ਪੈਟਰਨ ਅਨੁਸਾਰ ਨਹੀਂ ਪੁੱਛੇ ਗਏ ਪ੍ਰਸ਼ਨ, ਪੜ੍ਹੋ ਪੂਰਾ ਮਾਮਲਾ

0
71

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਇਮਤਿਹਾਨ ਲਏ ਜਾ ਰਹੇ ਹਨ। ਇਸੇ ਦੌਰਾਨ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵੱਲੋਂ 4 ਮਈ ਨੂੰ 12ਵੀਂ ਸ਼੍ਰੇਣੀ (ਟਰਮ-2) ਅਪ੍ਰੈਲ 2022, ਰੈਗੂਲਰ ਵਿਦਿਆਰਥੀਆਂ ਦੀ ਵਿਸ਼ਾ ਭੂਗੋਲ (ਜੌਗਰਫ਼ੀ) ਦੀ ਲਈ ਗਈ ਪ੍ਰੀਖਿਆ ਦਾ ਪੇਪਰ ਬੋਰਡ ਵੱਲੋਂ ਨਿਰਧਾਰਤ ਪ੍ਰਸ਼ਨ-ਪੱਤਰ ਦੀ ਰੂਪਾ-ਰੇਖਾ (ਪੈਟਰਨ) ਅਨੁਸਾਰ ਨਾ ਹੋਣ ਕਰ ਕੇ ਵਿਦਿਆਰਥੀਆਂ ਵਿਚ ਘਬਰਾਹਟ ਤੇ ਮਾਨਸਿਕ ਪਰੇਸ਼ਾਨੀ ਦੇਖੀ ਗਈ ਅਤੇ ਉਹ ਸੌਖੀ ਤਰ੍ਹਾਂ ਨਾਲ ਹੱਲ ਕੀਤੇ ਜਾਣ ਵਾਲੇ ਪ੍ਰਸ਼ਨਾਂ ਦੇ ਵੀ ਸਹੀ ਉੱਤਰ ਨਹੀਂ ਦੇ ਸਕੇ। ਜਿਸ ਨਾਲ ਉਨ੍ਹਾਂ ਦਾ ਵਿੱਦਿਅਕ ਪੱਖੋਂ ਭਾਰੀ ਨੁਕਸਾਨ ਹੋਵੇਗਾ।

ਇਸੇ ਦੌਰਾਨ ਜੌਗਰਫ਼ੀ ਪੋਸਟ ਗ੍ਰੈਜੂਏਟ ਟੀਚਰਜ਼ ਯੂਨੀਅਨ ਪੰਜਾਬ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Bhagwant Mann), ਸਿੱਖਿਆ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ  ਸਿੱਖਿਆ ਸਕੱਤਰ ਅਲੋਕ ਸ਼ੇਖਰ (Alok Shekhar), ਡੀਜੀਐੱਸਈ ਪੰਜਾਬ/ਸਕੱਤਰ ਪੰਜਾਬ ਬੋਰਡ ਪ੍ਰਦੀਪ ਅਗਰਵਾਲ (Pradeep Aggarwal) ਅਤੇ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੇ ਚੇਅਰਮੈਨ ਯੋਗਰਾਜ ਨੂੰ ਪੱਤਰ ਭੇਜ ਕੇ ਧਿਆਨ ਵਿਚ ਲਿਆਂਦਾ ਹੈ ਕਿ 12ਵੀਂ ਸ਼੍ਰੇਣੀ ਦੇ ਭੂਗੋਲ ਵਿਸ਼ੇ ਦੇ 40 ਅੰਕਾਂ ਦੇ ਪੇਪਰ ਵਿਚੋਂ 15 ਅੰਕਾਂ ਦੇ ਪ੍ਰਸ਼ਨ, ਪੰਜਾਬ ਬੋਰਡ ਦੇ ਦਿਸ਼ਾ-ਨਿਰਦੇਸ਼ਾਂ ਅਤੇ ਹਦਾਇਤਾਂ ਦੀ ਉਲੰਘਣਾ ਕਰ ਕੇ ਨਿਰਧਾਰਤ ਪੈਟਰਨ ਅਨੁਸਾਰ ਨਹੀਂ ਪੁੱਛੇ ਗਏ ਜਿਸ ਨਾਲ ਵਿਦਿਆਰਥੀਆਂ ਦਾ ਅਕਾਦਮਿਕ ਨੁਕਸਾਨ ਹੋਵੇਗਾ।

ਪੱਤਰ ਵਿਚ ਦੱਸਿਆ ਗਿਆ ਕਿ ਪੇਪਰ ਦੇ ਦੂਜੇ ਭਾਗ ਵਿਚ ਅਧਿਆਈ ਨੰ. 9 ਵਿਚੋਂ 4-4 ਅੰਕਾਂ ਦੇ ਦੋ ਪ੍ਰਸ਼ਨ ਪੁੱਛੇ ਜਾਣੇ ਸਨ, ਜੋ ਨਹੀਂ ਪੁੱਛੇ ਗਏ, ਸਗੋਂ ਅਧਿਆਇ ਨੰ. 8 ਵਿਚੋਂ ਪੁੱਛੇ ਗਏ, ਜਿਸ ਨਾਲ ਵਿਦਿਆਰਥੀਆਂ ਦਾ 8 ਅੰਕਾਂ ਦਾ ਨੁਕਸਾਨ ਹੋਵੇਗਾ। ਭਾਗ ਤੀਜਾ ਦਾ ਪ੍ਰਸ਼ਨ ਨੰ. 11 ਦਾ ਇਕ ਪੈਰਾ 4 ਅੰਕਾਂ ਦਾ ਜੋ ਅਧਿਆਇ ਨੰ. 9 ਵਿਚੋਂ ਪੁੱਛਿਆ ਜਾਣਾ ਸੀ, ਪਰੰਤੂ ਨਹੀਂ ਪੁੱਛਿਆ ਗਿਆ ਜਿਸ ਨਾਲ ਵਿਦਿਆਰਥੀਆਂ ਦਾ 4 ਅੰਕਾਂ ਦਾ ਹੋਵੇਗਾ ਅਤੇ ਜੋ ਪੈਰਾ ਪੁੱਛਿਆ ਵੀ ਗਿਆ, ਉਸ ਦੇ 4 ਨੰਬਰ ਪ੍ਰਸ਼ਨ ਦਾ ਉੱਤਰ ਪੈਰੇ ਵਿਚ ਹੈ ਹੀ ਨਹੀਂ, ਜਿਸ ਨਾਲ 1 ਅੰਕ ਦਾ ਨੁਕਸਾਨ ਹੋਵੇਗਾ। ਪ੍ਰਸ਼ਨ ਨੰ. 13 (ਅ) ਦੇ ਭਾਰਤ ਦੇ ਨਕਸ਼ੇ ਵਿਚ ਭਾਗ-5 ਅਤੇ ਭਾਗ-6 ਵਿਚੋਂ ਜੋ ਸਥਾਨ ਨਕਸ਼ੇ ਵਿਚ ਦਰਸਾਏ ਗਏ, ਉਹ ਪੁੱਛੇ ਪ੍ਰਸ਼ਨ ਨਾਲ ਮੇਲ ਨਹੀਂ ਖਾਂਦੇ। ਇਸ ਤਰ੍ਹਾਂ ਨਾਲ ਵਿਦਿਆਰਥੀਆਂ ਦਾ ਕੁਲ 15 ਅੰਕਾਂ ਦਾ ਨੁਕਸਾਨ ਹੋਵੇਗਾ।

ਜੱਥੇਬੰਦੀਆਂ ਦੇ ਆਗੂਆਂ ਪ੍ਰਧਾਨ ਸੁਖਜਿੰਦਰ ਸਿੰਘ ਸੁੱਖੀ, ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਸਿੰਘ ਮਾਨ ਸੰਗਰੂਰ, ਜਨਰਲ ਸਕੱਤਰ ਦਿਲਬਾਗ ਸਿੰਘ ਲਾਪਰਾਂ ਲੁਧਿਆਣਾ, ਮੀਤ ਪ੍ਰਧਾਨ ਨਰੇਸ਼ ਸਲੂਜਾ, ਸਕੱਤਰ ਸ਼ਮਸ਼ੇਰ ਸਿੰਘ ਸ਼ੈਰੀ, ਖਜ਼ਾਨਚੀ ਚਮਕੌਰ ਸਿੰਘ ਮੋਗਾ, ਸਹਾ. ਖਜ਼ਾਨਚੀ ਗੁਰਮੇਲ ਸਿੰਘ ਰਹਿਲ ਪਟਿਆਲਾ ਅਤੇ ਪ੍ਰੈੱਸ ਸਕੱਤਰ ਪਰਮਜੀਤ ਸਿੰਘ ਸੰਧੂ ਮੁਹਾਲੀ ਨੇ ਪੰਜਾਬ ਦੇ ਮੁੱਖ ਮੰਤਰੀ, ਸਿੱਖਿਆ ਮੰਤਰੀ, ਸਿੱਖਿਆ ਸਕੱਤਰ, ਡੀਜੀਐੱਸਈ ਪੰਜਾਬ/ ਸਕੱਤਰ ਬੋਰਡ ਅਤੇ ਪੰਜਾਬ ਬੋਰਡ ਦੇ ਚੇਅਰਮੈਨ ਤੋਂ ਮੰਗ ਕੀਤੀ ਕਿ ਉਹ ਨਿੱਜੀ ਦਿਲਚਸਪੀ ਲੈ ਕੇ ਵਿਦਿਆਰਥੀਆਂ ਦੇ ਭਵਿੱਖ ਦਾ ਖਿਆਲ ਕਰਦੇ ਹੋਏ ਉਨ੍ਹਾਂ ਦੇ ਹੋਏ 15 ਅੰਕਾਂ ਦੇ ਨੁਕਸਾਨ ਦੀ ਭਰਪਈ ਵਿਸ਼ੇਸ਼ ਅੰਕ ਦੇ ਕੇ ਕਰਵਾਉਣ ਤਾਂ ਕਿ ਵਿਦਿਆਰਥੀ ਮਾਨਸਿਕ ਤਣਾਅ ਤੋਂ ਬਾਹਰ ਆ ਕੇ ਬਾਕੀ ਰਹਿੰਦੇ ਪੇਪਰ ਬੇ-ਚਿੰਤਤ ਹੋ ਕੇ ਦੇ ਸਕਣ।

LEAVE A REPLY

Please enter your comment!
Please enter your name here