ਚੰਡੀਗੜ੍ਹ : ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਸ਼ਨੀਵਾਰ ਨੂੰ ਐਲਾਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਨਜ਼ੂਰੀ ਤੋਂ ਬਾਅਦ ਸੂਬਾ ਸਰਕਾਰ ਨੇ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਬਾਰ੍ਹਵੀ ਜਮਾਤ ਦੀਆਂ ਪ੍ਰੀਖਿਆਵਾਂ ਰੱਦ ਕਰਨ ਦਾ ਫੈਸਲਾ ਕੀਤਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸੀ.ਬੀ.ਐਸ.ਈ. ਵੱਲੋਂ ਅਪਣਾਏ ਜਾਣ ਵਾਲੇ ਫ਼ਾਰਮੂਲੇ ਦੇ ਆਧਾਰ ’ਤੇ ਹੀ ਨਤੀਜਾ ਐਲਾਨਿਆ ਜਾਵੇਗਾ।

ਸਿੱਖਿਆ ਮੰਤਰੀ ਸਿੰਗਲਾ ਨੇ ਕਿਹਾ ਕਿ ਇਹ ਸਮੇਂ ਦੀ ਲੋੜ ਸੀ ਕਿ ਇਮਤਿਹਾਨਾਂ ਬਾਰੇ ਢੁੱਕਵਾਂ ਫੈਸਲਾ ਲਿਆ ਜਾਵੇ ਕਿਉਂਕਿ ਉਚੇਰੀ ਸਿੱਖਿਆ ਵਾਲੇ ਕੋਰਸਾਂ ਵਿੱਚ ਦਾਖਲਾ ਲੈਣ ਲਈ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪੇ ਦੋਵੇਂ ਬਹੁਤ ਫਿਕਰਮੰਦ ਸਨ। ਸਿੰਗਲਾ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2020-21 ਦੇ ਵਿਦਿਅਕ ਸੈਸ਼ਨ ਦੌਰਾਨ 3,08,000 ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਬਾਰ੍ਹਵੀਂ ਜਮਾਤ ਵਿੱਚ ਦਾਖਲਾ ਲਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਸਿੱਖਿਆ ਬੋਰਡ ਲਈ ਇਮਤਿਹਾਨਾਂ ਲੈਣੇ ਸੰਭਵ ਨਹੀਂ ਸਨ। ਉਨ੍ਹਾਂ ਕਿਹਾ ਕਿ ਅਪਣਾਏ ਗਏ ਫਾਰਮੂਲੇ ਅਨੁਸਾਰ, ਸਿੱਖਿਆ ਬੋਰਡ ਕ੍ਰਮਵਾਰ 10ਵੀਂ, 11ਵੀਂ ਅਤੇ 12ਵੀਂ ਜਮਾਤਾਂ ਦੇ ਪ੍ਰਦਰਸ਼ਨ ਦੇ ਅਧਾਰ ’ਤੇ 30 : 30 : 40 ਦੇ ਅਨੁਪਾਤ ਅਨੁਸਾਰ ਨਤੀਜਾ ਤਿਆਰ ਕਰੇਗਾ।

ਸਿੰਗਲਾ ਨੇ ਕਿਹਾ ਕਿ ਬੋਰਡ ਔਸਤਨ 30 ਫੀਸਦ ਵੇਟੇਜ : 10ਵੀਂ ਜਮਾਤ ਦੇ ਮੁੱਖ ਪੰਜ ਵਿਸ਼ਿਆਂ ਵਿਚੋਂ ਤਿੰਨ ਵਧੀਆ ਪ੍ਰਦਸ਼ਨ ਵਾਲੇ ਵਿਸ਼ੇ, 30 ਫੀਸਦੀ ਵੇਟੇਜ : 11ਵੀਂ ਜਮਾਤ ਦੇ ਪ੍ਰੀ ਬੋਰਡ ਅਤੇ ਪ੍ਰੈਕਟੀਕਲਜ਼ ਪ੍ਰੀਖਿਆ ਵਿੱਚ ਵਿਦਿਆਰਥੀਆਂ ਦੁਆਰਾ ਪ੍ਰਾਪਤ ਅੰਕ ਅਤੇ 40 ਫੀਸਦ ਵੇਟੇਜ : 12ਵੀਂ ਵਿੱਚ ਪ੍ਰੀ-ਬੋਰਡ, ਪ੍ਰੈਕਟੀਕਲ ਪ੍ਰੀਖਿਆ ਅਤੇ ਇਨਟਰਨਲ ਅਸੈਸਮੈਂਟ ਵਿੱਚ ਪ੍ਰਾਪਤ ਅੰਕਾਂ ਦੇ ਅਧਾਰ ’ਤੇ ਨਤੀਜਾ ਤਿਆਰ ਕੀਤਾ ਜਾਵੇਗਾ।
ਮੰਤਰੀ ਨੇ ਅੱਗੇ ਕਿਹਾ ਕਿ ਜਿਹੜੇ ਵਿਦਿਆਰਥੀਆਂ ਨੇ ਗਿਆਰਵੀਂ ਤੋਂ ਬਾਅਦ ਸਟਰੀਮ ਬਦਲੀ ਹੈ, ਉਨ੍ਹਾਂ ਵਿਦਿਆਰਥੀਆਂ ਦਾ ਨਤੀਜਾ 10ਵੀਂ ਵਿੱਚ ਵਧੀਆ ਪ੍ਰਦਸ਼ਨ ਵਾਲੇ ਤਿੰਨਾਂ ਵਿਸ਼ਿਆਂ ਵਿਚੋਂ ਪ੍ਰਾਪਤ ਅਤੇ 12ਵੀਂ ਵਿੱਚ ਪ੍ਰੀ-ਬੋਰਡ + ਪ੍ਰੈਕਟੀਕਲ ਪ੍ਰੀਖਿਆ + ਇਨਟਰਨਲ ਅਸੈਸਮੈਂਟ ਦੇ ਫਾਰਮੂਲੇ ਅਨੁਸਾਰ ਤਿਆਰ ਕੀਤਾ ਜਾਵੇਗਾ।

ਸਿੱਖਿਆ ਮੰਤਰੀ ਨੇ ਕਿਹਾ ਕਿ ਨਿਰਧਾਰਤ ਮਾਪਦੰਡਾਂ ਨੂੰ ਲਾਗੂ ਕਰਨ ਸਬੰਧੀ ਵਿਸਥਾਰਤ ਵੇਰਵੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ ਅਤੇ ਸਕੂਲਾਂ ਦੇ ਲਾਗਇਨ ਆਈ.ਡੀ ਉੱਤੇ ਵੀ ਜਨਤਕ ਕੀਤੇ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ 10ਵੀਂ, 11ਵੀਂ ਅਤੇ 12ਵੀਂ ਜਮਾਤ ਦੇ ਨੰਬਰਾਂ ਨੂੰ ਪੋਰਟਲ ‘ਤੇ ਅਪਲੋਡ ਕਰਨ ਲਈ ਸਕੂਲ ਮੁਖੀ ਜ਼ਿੰਮੇਵਾਰ ਹੋਣਗੇ ਅਤੇ ਨਤੀਜੇ 31 ਜੁਲਾਈ ਨੂੰ ਜਾਂ ਇਸ ਤੋਂ ਪਹਿਲਾਂ ਐਲਾਨੇ ਜਾਣ ਦੀ ਆਸ ਹੈ। ਸਿੰਗਲਾ ਨੇ ਕਿਹਾ ਕਿ ਜੋ ਵਿਦਿਆਰਥੀ ਉਕਤ ਫਾਰਮੂਲੇ ਅਨੁਸਾਰ ਨਤੀਜਿਆਂ ਤੋਂ ਸੰਤੁਸ਼ਟ ਨਹੀਂ ਹੋਣਗੇ ਤਾਂ ਉਨਾਂ ਦੀ ਪ੍ਰੀਖਿਆ ਉਦੋਂ ਲਈ ਜਾਵੇਗੀ ਜਦੋਂ ਹਾਲਾਤ ਸੁਖਾਵੇਂ ਹੋ ਜਾਣਗੇ।

LEAVE A REPLY

Please enter your comment!
Please enter your name here