ਕੈਨੇਡਾ : ਕੈਨੇਡਾ ‘ਚ ਪੂਰੀ ਤਰ੍ਹਾਂ ਵੈਕਸੀਨੇਟਿਡ ਲੋਕਾਂ ਨੂੰ ਹੁਣ ਦੇਸ਼ ਵਾਪਸ ਪਰਤਣ ’ਤੇ 2 ਹਫ਼ਤੇ ਦੇ ਜ਼ਰੂਰੀ ਇਕਾਂਤਵਾਸ ਤੋਂ ਛੋਟ ਦਿੱਤੀ ਜਾਏਗੀ ਪਰ ਇਸ ਲਈ ਉਨ੍ਹਾਂ ਨੂੰ ਕੋਵਿਡ ਨੈਗੇਟਿਵ ਟੈਸਟ ਦਾ ਸਰਟੀਫ਼ਿਕੇਟ ਦਿਖਾਉਣਾ ਹੋਵੇਗਾ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ। ਕੈਨੇਡਾ ਪਰਤਣ ਵਾਲੇ ਕੈਨੇਡੀਅਨ ਅਤੇ ਸਥਾਈ ਨਿਵਾਸੀਆਂ ਦਾ ਉਥੇ ਪਹੁੰਚਣ ਤੋਂ 14 ਦਿਨ ਪਹਿਲਾਂ ਜਾਂ ਉਸ ਤੋਂ ਜ਼ਿਆਦਾ ਸਮਾਂ ਪਹਿਲਾਂ ਟੀਕਾਕਰਨ ਕਰਵਾਇਆ ਹੋਣਾ ਲਾਜ਼ਮੀ ਹੈ। ਸਰਹੱਦੀ ਪਾਬੰਦੀਆਂ ‘ਚ ਢਿੱਲ ਦਿੱਤੇ ਜਾਣ ਦਾ ਪਹਿਲਾਂ ਪੜਾਅ 5 ਜੁਲਾਈ ਤੋਂ ਸ਼ੁਰੂ ਹੋਵੇਗਾ।

ਆਵਾਜਾਈ ਮੰਤਰੀ ਉਮਰ ਅਲਘਬਰਾ ਨੇ ਇਹ ਵੀ ਕਿਹਾ ਕਿ ਕੈਨੇਡਾ ਅਤੇ ਭਾਰਤ ਵਿਚਾਲੇ ਫਲਾਈਟ ਪਾਬੰਦੀ 21 ਜੁਲਾਈ ਤੱਕ ਰਹੇਗੀ, ਪਰ ਪਾਕਿਸਤਾਨ ’ਤੇ ਲਗਾਈ ਗਈ ਫਲਾਈਟ ਪਾਬੰਦੀ ਨੂੰ ਹਟਾ ਦਿੱਤਾ ਜਾਏਗਾ। ਸਰਕਾਰ ਨੇ ਕਿਹਾ ਕਿ ਪੂਰੀ ਤਰ੍ਹਾਂ ਨਾਲ ਵੈਕਸੀਨੇਟਿਡ ਕੈਨੇਡੀਅਨ ਯਾਤਰੀ ਜੋ ਇਕਾਂਤਵਾਸ ਤੋਂ ਛੋਟ ਚਾਹੁੰਦੇ ਹਨ। ਉਨ੍ਹਾਂ ਨੂੰ ਆਪਣੇ ਦਸਤਾਵੇਜ਼ਾਂ ਨੂੰ ਸਰਕਾਰ ਦੀ ਵੈੈੱਬਸਾਈਟ ਜਾਂ ਫਿਰ ਅਰਾਈਵਕੈਨ ਨਾਮ ਦੀ ਐਪ ’ਤੇ ਇਸ ਨੂੰ ਅਪਲੋਡ ਕਰਨਾ ਹੋਵੇਗਾ।