ਲੰਡਨ : ਇੰਗਲੈਂਡ ਦੇ ਤੇਜ਼ ਗੇਂਦਬਾਜ਼ ਓਲੀ ਰੌਬਿਨਸਨ ਨੂੰ 2012-13 ਵਿਚ ਕੀਤੇ ਗਏ ਭੇਦਭਾਵਪੂਰਨ ਟਵੀਟ ਦੀ ਜਾਂਚ ਲੰਬਿਤ ਰਹਿਣ ਤੱਕ ਅੰਤਰਰਾਸ਼ਟਰੀ ਕ੍ਰਿਕਟ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ ਨੇ ਐਤਵਾਰ ਨੂੰ ਕਿਹਾ ਕਿ ਰੌਬਿਨਸਨ ਨਿਊਜ਼ੀਲੈਂਡ ਖ਼ਿਲਾਫ਼ ਵੀਰਵਾਰ ਤੋਂ ਸ਼ੁਰੂ ਹੋਣ ਵਾਲੇ ਦੂਜੇ ਟੈਸਟ ਮੈਚ ਲਈ ਉਪਲੱਬਧ ਨਹੀਂ ਰਹਿਣਗੇ।

ਰੌਬਿਨਸਨ ਜੋ ਕਿ ਇੱਕ ਬਹੁਤ ਵਧੀਆ ਗੇਂਦਬਾਜ਼ ਹਨ।ਉਨ੍ਹਾਂ ਨੇ ਲਾਰਡਸ ਵਿਚ ਖੇਡੀ ਗਈ ਸੀਰੀਜ਼ ਦੇ ਪਹਿਲੇ ਮੈਚ ਵਿਚ ਟੈਸਟ ਕ੍ਰਿਕਟ ਵਿਚ ਡੈਬਿਊ ਕੀਤਾ ਸੀ। ਉਨ੍ਹਾਂ ਨੇ ਮੈਚ ਵਿਚ 7 ਵਿਕਟਾਂ ਲਈਆਂ ਅਤੇ ਇੰਗਲੈਂਡ ਦੀ ਪਹਿਲੀ ਪਾਰੀ ਵਿਚ 42 ਦੌੜਾਂ ਬਣਾਈਆਂ।
ਰੌਬਿਨਸਨ ਨੇ ਇਹ ਟਵੀਟ ਉਦੋਂ ਕੀਤੇ ਸਨ, ਜਦੋਂ ਉਹ 19 ਸਾਲ ਦੇ ਸਨ।

ਇਹ ਟਵੀਟ ਨਸਲਵਾਦੀ ਅਤੇ ਲਿੰਗਭੇਦ ਨਾਲ ਜੁੜੇ ਸਨ। ਮੈਚ ਦੇ ਪਹਿਲੇ ਦਿਨ ਇਨ੍ਹਾਂ ਟਵੀਟਸ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਚਰਚਾ ਹੁੰਦੀ ਰਹੀ, ਜਿਸ ਦੇ ਬਾਅਦ ਰੌਬਿਨਸਨ ਨੇ ਮਾਫ਼ੀ ਮੰਗੀ ਸੀ। ਈ.ਸੀ.ਬੀ. ਨੇ ਇਸ ਗੇਂਦਬਾਜ਼ ਦੇ ਬਾਰੇ ਵਿਚ ਕਿਹਾ, ‘ਰੌਬਿਨਸਨ ਤੁਰੰਤ ਹੀ ਇੰਗਲੈਂਡ ਦੀ ਟੀਮ ਨੂੰ ਛੱਡ ਕੇ ਆਪਣੀ ਕਾਊਂਟੀ ਵਿਚ ਵਾਪਸੀ ਕਰਨਗੇ।’