ਅੰਮ੍ਰਿਤਸਰ, 16 ਮਈ: ਅੱਜ ਤੋਂ ਪੂਰੇ ਸੂਬੇ ਵਿੱਚ ਨਸ਼ਾ ਮੁਕਤੀ ਯਾਤਰਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਹ ਯਾਤਰਾਵਾਂ ਆਉਂਦੇ 50 ਦਿਨਾਂ ਅੰਦਰ ਹਰੇਕ ਪਿੰਡ ਅਤੇ ਸ਼ਹਿਰ ਵਿਚ ਜਾਣਗੀਆਂ ਅਤੇ ਲੋਕਾਂ ਨੂੰ ਨਸ਼ੇ ਦੇ ਮਾਰੂ ਪ੍ਰਭਾਵਾਂ ਤੋਂ ਜਾਗਰੂਕ ਕਰਨਗੀਆਂ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਸੰਯੋਜਕ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਨਸ਼ਾ ਮੁਕਤੀ ਯਾਤਰਾ ਸ਼ੁਰੂ ਕੀਤੀਆਂ ਜਾ ਰਹੀਆਂ ਹਨ।
ਨਸ਼ਾ ਮੁਕਤੀ ਮੋਰਚਾ ਦੀ ਮਾਝਾ ਕੁਆਰਡੀਨੇਟਰ ਸੋਨੀਆ ਮਾਨ ਨੇ ਕਿਹਾ ਕਿ ਅੰਮ੍ਰਿਤਸਰ ਜਿਲ੍ਹੇ ਦੇ 11 ਵਿਧਾਨ ਸਭਾ ਹਲਕਿਆਂ ਵਿੱਚ ਅੱਜ ਤੋਂ ਇਹ ਯਾਤਰਾਵਾਂ ਸ਼ੁਰੂ ਹੋ ਰਹੀਆਂ ਹਨ ਅਤੇ ਰੋਜਾਨਾ ਹਰੇਕ ਸ਼ਹਿਰੀ ਹਲਕੇ ਦੀਆਂ 3 ਵਾਰਡਾਂ ਅਤੇ ਦਿਹਾਤੀ ਖੇਤਰ ਦੇ 3 ਪਿੰਡਾਂ ਵਿੱਚ ਨਿਕਲਣਗੀਆਂ। ਉਨ੍ਹਾਂ ਕਿਹਾ ਕਿ ਸ਼ੁਰੂ ਹੋ ਰਹੀਆਂ ਇਨ੍ਹਾਂ ਯਾਤਰਾਵਾਂ ਵਿੱਚ ਉਹ ਖੁਦ ਵੀ ਸ਼ਾਮਲ ਹੋਣਗੇ ਅਤੇ ਲੋਕਾਂ ਨੂੰ ਨਸ਼ੇ ਪ੍ਰਤੀ ਜਾਗਰੂਕ ਕਰਨਗੇ।
ਸੋਨੀਆ ਮਾਨ ਨੇ ਹਲਕਾ ਇੰਚਾਰਜਾਂ ਨੂੰ ਕਿਹਾ ਕਿ ਉਹ ਆਪੋ ਆਪਣੇ ਹਲਕੇ ਵਿੱਚ ਨਸ਼ੇ ਤੋਂ ਪੀੜਤ ਨੌਜਵਾਨਾਂ ਨੂੰ ਨਸ਼ਾ ਛੁਡਾਉ ਕੇਂਦਰਾਂ ਵਿੱਚ ਲੈ ਕੇ ਜਾਣ ਤਾਂ ਜੋ ਉਨ੍ਹਾਂ ਦਾ ਨਸ਼ਾ ਛੁਡਾਉ ਕੇਂਦਰਾਂ ਵਿੱਚ ਇਲਾਜ ਕਰਵਾਇਆ ਜਾ ਸਕੇ ਤਾਂ ਜੋ ਉਹ ਮੁੜ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋ ਸਕਣ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਕੇਵਲ ਨਸ਼ਾ ਨੂੰ ਖਤਮ ਕਰਨ ਦੀਆਂ ਗੱਲਾਂ ਹੀ ਕੀਤੀਆਂ ਹਨ ਜਦ ਕਿ ਸਾਡੀ ਸਰਕਾਰ ਜਮੀਨੀ ਪੱਧਰ ਤੇ ਨਸ਼ਾ ਨੂੰ ਖਤਮ ਕਰਨ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਪਾਰਟੀਬਾਜੀ ਤੋਂ ਉਪਰ ਉਠ ਕੇ ਮੁੜ ਪੰਜਾਬ ਨੂੰ ਹੱਸਦਾ ਵੱਸਦਾ ਤੇ ਰੰਗਲਾ ਪੰਜਾਬ ਬਣਾਈਏ।
ਉਨ੍ਹਾਂ ਨੇ ਹਲਕਾ ਇੰਚਾਰਜਾਂ ਨੂੰ ਕਿਹਾ ਕਿ ਉਹ ਆਪੋ ਆਪਣੇ ਹਲਕੇ ਵਿੱਚ ਦਵਾਈਆਂ/ਕਰਿਆਨਾ ਦੀਆਂ ਦੁਕਾਨਾਂ ਤੇ ਨਜਰ ਰੱਖਣ ਅਤੇ ਜੇਕਰ ਇਨ੍ਹਾਂ ਦੁਕਾਨਾਂ ਤੇ ਕੋਈ ਨਸ਼ੇ ਦੀ ਵਸਤੂ ਵੇਚੀ ਜਾਂਦੀ ਹੈ ਤਾਂ ਆਪਣੇ ਹਲਕਾ ਇੰਚਾਰਜ ਦੇ ਧਿਆਨ ਵਿੱਚ ਲਿਆਉਣ ਤਾਂ ਜੋ ਉਸ ਤੇ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਨਸ਼ਾ ਮੁਕਤੀ ਮੋਰਚਾ ਵੱਲੋਂ ਸੂਬਾ ਵਾਸੀਆਂ ਲਈ ਹੈਲਪਲਾਈਨ ਨੰਬਰ 98236-00007 ਜਾਰੀ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਇਸ ਨੰਬਰ ਤੇ ਨਸ਼ਾ ਵੇਚਣ ਵਾਲਿਆਂ ਜਾਂ ਖਰੀਦਣ ਵਾਲਿਆਂ ਸਬੰਧੀ ਜਾਣਕਾਰੀ ਦੇ ਸਕਦਾ ਹੈ। ਉਨ੍ਹਾਂ ਦੱਸਿਆ ਕਿ ਉਸ ਦਾ ਨਾਮ ਗੁਪਤ ਰੱਖਿਆ ਜਾਵੇਗਾ ਅਤੇ ਸਰਕਾਰ ਵੱਲੋਂ ਤੁਰੰਤ ਹੀ ਇਸ ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਯਾਤਰਾਵਾਂ ਵਿੱਚ ਹਰੇਕ ਹਲਕੇ ਦੇ ਵਿਧਾਇਕਾਂ, ਡੀ:ਐਸ:ਪੀ ਅਤੇ ਸਬੰਧਤ ਖੇਤਰ ਦੇ ਪੁਲਿਸ ਅਫਸਰਾਂ ਵੱਲੋਂ ਭਾਗ ਲਿਆ ਜਾਵੇਗਾ। ਮੈਡਮ ਮਾਨ ਨੇ ਕਿਹਾ ਕਿ ਨਸ਼ਾ ਮੁਕਤ ਕਰਨ ਲਈ ਪੰਜਾਬ ਵਿੱਚ ਲੋਕ ਲਹਿਰ ਬਣਾਉਣ ਦੀ ਜਰੂਰਤ ਹੈ ਤਾਂ ਹੀ ਅਸੀਂ ਇਸ ਨਸ਼ੇ ਰੂਪੀ ਦੈਂਤ ਨੂੰ ਜੜੋਂ ਖਤਮ ਕਰ ਸਕਦੇ ਹਾਂ।