ਲੁਧਿਆਣਾ: ਹਾੜ੍ਹੀ ਸੀਜ਼ਨ ਦੌਰਾਨ ਸਰਕਾਰੀ ਖਰੀਦ ਏਜੰਸੀ ਮਾਰਕਫੈੱਡ ਨੂੰ ਜਿਹੜੇ ਕਿਸਾਨਾਂ ਨੇ ਆਪਣੀ ਸੁਨਹਿਰੀ ਕਣਕ ਵੇਚੀ ਹੈ ਉਨ੍ਹਾਂ ਕਿਸਾਨਾਂ ਵਿੱਚੋਂ 95% ਤੱਕ ਭੁਗਤਾਨ ਕੀਤਾ ਜਾ ਚੁੱਕਿਆ। ਖੁਰਾਕ, ਸਿਵਲ ਅਤੇ ਸਪਲਾਈ ਵਿਭਾਗ ਤੋਂ ਇਕੱਤਰ ਕੀਤੇ ਵੇਰਵਿਆਂ ਅਨੁਸਾਰ ਮਾਰਕਫੈਡ ਨੇ 28 ਅਪ੍ਰੈਲ, 2021 ਤੱਕ ਕਣਕ ਦੀ ਖਰੀਦ ਕੀਤੀ 355.73 ਕਰੋੜ ਦੀ ਰਕਮ ਦੇ ਮੁਕਾਬਲੇ ਕਿਸਾਨਾਂ ਨੂੰ 339.06 ਕਰੋੜ ਰੁਪਏ ਦੇ ਭੁਗਤਾਨ ਕੀਤੇ ਹਨ। ਪਨਗ੍ਰੇਨ ਅਤੇ ਪਨਸਪ ਨੇ ਹੁਣ ਤੱਕ ਖਰੀਦੀ ਗਈ ਕਣਕ ਦਾ 94% ਤੱਕ ਭੁਗਤਾਨ ਕੀਤਾ ਹੈ।
ਜਿਸ ਵਿੱਚ ਕ੍ਰਮਵਾਰ 399.13 ਕਰੋੜ ਰੁਪਏ ਅਤੇ 325.40 ਕਰੋੜ ਰੁਪਏ ਦੀ ਖਰੀਦ ਦੇ ਮੁਕਾਬਲੇ 373.78 ਕਰੋੜ ਰੁਪਏ ਅਤੇ 304.59 ਰੁਪਏ ਤੱਕ ਅਦਾ ਕੀਤੇ ਹਨ। ਇਸ ਤੋਂ ਇਲਾਵਾ, ਇੱਕ ਹੋਰ ਪੰਜਾਬ ਦੀ ਅਨਾਜ ਏਜੰਸੀ ‘ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ’ ਨੇ ਵੀ ਕਿਸਾਨਾਂ ਦੀ ਖਰੀਦ ਕੀਤੀ ਕਣਕ ਦੀ 90% ਤੱਕ ਅਦਾਇਗੀ ਕੀਤੀ ਹੈ। ਇਸ ਏਜੰਸੀ ਵੱਲੋਂ 187.14 ਕਰੋੜ ਰੁਪਏ ਦੀ ਖਰੀਦ ਦੇ ਮੁਕਾਬਲੇ 168.76 ਕਰੋੜ ਰੁਪਏ ਤੱਕ ਦਾ ਭੁਗਤਾਨ ਕੀਤਾ ਹੈ।
ਇਸ ਦੌਰਾਨ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਣ ਤੱਕ ਲੁਧਿਆਣਾ ਦੀਆਂ ਵੱਖ-ਵੱਖ ਅਨਾਜ ਮੰਡੀਆਂ/ਖਰੀਦ ਕੇਂਦਰਾਂ ਵਿੱਚ 813993 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਚਾਲੂ ਸੀਜ਼ਨ ਦੌਰਾਨ 9 ਲੱਖ ਮੀਟਰਕ ਟਨ ਕਣਕ ਦੀ ਆਮਦ ਦੀ ਉਮੀਦ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਅਨਾਜ ਦੀ ਖਰੀਦ ਸ਼ੁਰੂ ਹੋਣ ਤੋਂ ਬਾਅਦ ਜ਼ਿਲ੍ਹੇ ਭਰ ਦੀਆਂ ਮੰਡੀਆਂ ਵਿੱਚ 813993 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ।
ਜਿਸ ਵਿੱਚੋਂ ਵੱਖ-ਵੱਖ ਏਜੰਸੀਆਂ ਵੱਲੋਂ 813993 ਮੀਟ੍ਰਿਕ ਟਨ ਦੀ ਖਰੀਦ ਕੀਤੀ ਜਾ ਚੁੱਕੀ ਹੈ। ਸ੍ਰੀ ਸ਼ਰਮਾ ਨੇ ਕਿਹਾ ਕਿ ਹੁਣ ਤੱਕ ਖਰੀਦ ਕੀਤੇ ਸਟਾਕ ਦੀ 67% ਕਣਕ ਪਹਿਲਾਂ ਹੀ ਚੁੱਕ ਲਈ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਕਿਸਾਨਾਂ ਨੂੰ 1290.21 ਕਰੋੜ ਰੁਪਏ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ। ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸੁਖਵਿੰਦਰ ਸਿੰਘ ਗਿੱਲ ਦੀ ਅਗਵਾਈ ਵਾਲੀ ਟੀਮ ਵੱਲੋਂ ਮੰਡੀ ਅਯਾਲੀ ਖੁਰਦ ਦਾ ਦੌਰਾ ਕੀਤਾ ਅਤੇ ਚੱਲ ਰਹੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆਂ। ਟੀਮ ਵੱਲੋ ਮੰਡੀ ਵਿੱਚ ਮੌਜੂਦ ਆੜ੍ਹਤੀਆਂ ਤੇ ਕਿਸਾਨਾਂ ਨਾਲ ਖਰੀਦ ਪ੍ਰਬੰਧਾ ਬਾਰੇ ਗੱਲਬਾਤ ਕੀਤੀ, ਜਿਨ੍ਹਾਂ ਨਿਰਵਿਘਨ ਕਾਰਜ਼ਾਂ ‘ਤੇ ਤਸੱਲੀ ਪ੍ਰਗਟਾਈ।