ਚੰਡੀਗੜ੍: ਪੰਜਾਬ ਵਿਧਾਨ ਸਭਾ ਦੀ 64-ਲੁਧਿਆਣਾ ਪੱਛਮੀ ਸੀਟ ਦੀ ਜ਼ਿਮਨੀ ਚੋਣ ਲਈ ਕੁੱਲ 14 ਉਮੀਦਵਾਰ ਚੋਣ ਲੜਨਗੇ।ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਨਾਮਜ਼ਦਗੀ ਪੱਤਰ ਵਾਪਸ ਲੈਣ ਵਾਲੇ ਦਿਨ ਇੱਕ ਆਜ਼ਾਦ ਉਮੀਦਵਾਰ ਕਮਲ ਪਵਾਰ ਵੱਲੋਂ ਨਾਮਜ਼ਦਗੀ ਵਾਪਸ ਲਈ ਗਈ ਹੈ।
ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਤੋਂ ਬਾਅਦ ਕੁੱਲ 15 ਨਾਮਜ਼ਦਗੀਆਂ ਸਹੀ ਪਾਈਆਂ ਗਈਆਂ ਸਨ ਅਤੇ ਇੱਕ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲੈਣ ਤੋਂ ਬਾਅਦ ਕੁੱਲ 14 ਉਮੀਦਵਾਰਾਂ ਚੋਣ ਮੈਦਾਨ ਵਿਚ ਰਹਿ ਗਏ ਹਨ।
ਜ਼ਿਕਰਯੋਗ ਹੈ ਕਿ 19 ਜੂਨ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ ਅਤੇ ਅਤੇ 23 ਜੂਨ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਨਤੀਜਾ ਐਲਾਨਿਆ ਜਾਵੇਗਾ।
ਦੱਸ ਦਈਏ ਕਿ ਵੀਰਵਾਰ ਨੂੰ ਲਗਾਤਾਰ ਦੂਜੇ ਦਿਨ ਖਾਲਸਾ ਕਾਲਜ (ਲੜਕੀਆਂ), ਸਿਵਲ ਲਾਈਨਜ਼ ਲੁਧਿਆਣਾ ਵਿੱਚ ਪ੍ਰੀਜ਼ਾਈਡਿੰਗ ਅਫਸਰਾਂ (ਪੀ.ਆਰ.ਓ) ਲਈ ਈ.ਵੀ.ਐਮ, ਵੀ.ਵੀ ਪੈਟ ਮਸ਼ੀਨਾਂ ਅਤੇ ਈ.ਸੀ.ਆਈ ਨੈਟ ਐਪਲੀਕੇਸ਼ਨ ‘ਤੇ ਸਿਖਲਾਈ ਸੈਸ਼ਨ ਦਾ ਆਯੋਜਨ ਕੀਤਾ ਗਿਆ।
ਸਿਖਲਾਈ ਅਭਿਆਸ ਕਰਵਾਉਣ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਪੋਲਿੰਗ ਕਰਮਚਾਰੀ ਚੋਣ ਨਿਯਮਾਂ ਅਤੇ ਪ੍ਰਕਿਰਿਆਵਾਂ ਤੋਂ ਪੂਰੀ ਤਰ੍ਹਾਂ ਜਾਣੂ ਹੋਣ। ਅਧਿਕਾਰੀਆਂ ਨੇ ਦੱਸਿਆ ਕਿ ਪੋਲਿੰਗ ਕਰਮਚਾਰੀਆਂ ਦੇ ਸਮੂਹ ਬਣਾਏ ਗਏ ਸਨ ਅਤੇ ਸਿਖਲਾਈ ਅਭਿਆਸ ਦੋ ਦਿਨਾਂ ਤੱਕ ਜਾਰੀ ਰਿਹਾ।
ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ) ਦੇ ਸਕੱਤਰ ਅਸ਼ਵਨੀ ਕੁਮਾਰ ਮੋਹਲ, ਈ.ਵੀ.ਐਮ ਨੋਡਲ ਅਫਸਰ ਬਿਹਾਰ ਦੀਰਾਜ ਕੁਮਾਰ, ਐਸ.ਡੀ.ਐਮ ਜਸਲੀਨ ਭੁੱਲਰ ਸਮੇਤ ਹੋਰ ਸੀਨੀਅਰ ਅਧਿਕਾਰੀਆਂ ਨੇ ਸਿਖਲਾਈ ਸੈਸ਼ਨਾਂ ਦੀ ਨਿਗਰਾਨੀ ਕੀਤੀ।