ਨਵੀਂ ਦਿੱਲੀ : ਭਾਰਤੀ ਕ੍ਰਿਕੇਟ ਟੀਮ ਦੇ ਸਟਾਰ ਆਫ ਸਪਿਨਰ ਰਹੇ ਹਰਭਜਨ ਸਿੰਘ ਨੇ ਆਪਣੀ ਵਿਵਾਦਿਤ ਇੰਸਟਾਗ੍ਰਾਮ ਪੋਸਟ ਲਈ ਸਭ ਤੋਂ ਮੁਆਫੀ ਮੰਗੀ ਹੈ। ਦਰਅਸਲ ਹਰਭਜਨ ਸਿੰਘ ਨੇ ਆਪ੍ਰੇਸ਼ਨ ਬਲੂ ਸਟਾਰ ਦੀ 37ਵੀਂ ਬਰਸੀ ‘ਤੇ ਇਕ ਸਟੋਰੀ ਸ਼ੇਅਰ ਕਰਦੇ ਹੋਏ ਭਿੰਡਰਾਵਾਲੇ ਦੀ ਫੋਟੋ ਸ਼ੇਅਰ ਕੀਤੀ ਸੀ। ਇਸ ਦੇ ਨਾਲ ਹੀ ਹਰਭਜਨ ਸਿੰਘ ਨੇ ਲਿਖਿਆ ਸੀ ਪ੍ਰਣਾਮ ਸ਼ਹੀਦਾਂ ਨੂੰ ਪਰ ਸੋਸ਼ਲ ਮੀਡੀਆ ‘ਤੇ ਹਰਭਜਨ ਸਿੰਘ ਦੇ ਇਹ ਸ਼ੇਅਰ ਕਰਨ ‘ਤੇ ਉਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਅਤੇ ਉਸ ਨੂੰ ਟ੍ਰੋਲਿੰਗ ਦਾ ਸ਼ਿਕਾਰ ਵੀ ਹੋਣਾ ਪਿਆ।

ਹਰਭਜਨ ਸਿੰਘ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਇਹ ਮੇਰੀ ਗਲਤੀ ਸੀ ਅਤੇ ਮੈਂ ਇਸ ਨੂੰ ਸਵੀਕਾਰ ਕਰਦਾ ਹਾਂ। ਮੈਂ ਜੋ ਪੋਸਟ ਸ਼ੇਅਰ ਕੀਤੀ ਸੀ ਅਤੇ ਉਸ ਵਿਚ ਜਿਨ੍ਹਾਂ ਦੀ ਫੋਟੋ ਸੀ ਮੈਂ ਉਨ੍ਹਾਂ ਦਾ ਸਮਰਥਨ ਨਹੀਂ ਕਰਦਾ। ਮੈਂ ਸਿੱਖ ਹਾਂ ਜੋ ਦੇਸ਼ ਦੇ ਲਈ ਲੜਾਂਗਾ ਨਾ ਕਿ ਦੇਸ਼ ਦੇ ਵਿਰੁੱਧ। ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਬਿਨ੍ਹਾਂ ਕਿਸੇ ਸ਼ਰਤ ਦੇ ਮੁਆਫੀ ਮੰਗਦਾ ਹਾਂ। ਭੱਜੀ ਨੇ ਸੋਸ਼ਲ ਮੀਡੀਆ ‘ਤੇ ਆਪਣਾ ਮਾਫੀਨਾਮਾ ਸ਼ੇਅਰ ਕੀਤਾ ਹੈ। ਭੱਜੀ ਨੇ ਮੁਆਫੀ ਮੰਗਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੇ ਦੇਸ਼ ਲਈ 20 ਸਾਲ ਆਪਣਾ ਖੂਨ-ਪਸੀਨਾ ਬਹਾਇਆ ਹੈ ਅਤੇ ਕਦੇ ਵੀ ਅਜਿਹੀ ਕਿਸੇ ਗੱਲ ਨੂੰ ਸਪੋਰਟ ਨਹੀਂ ਕਰnਗੇ , ਜੋ ਭਾਰਤ ਦੇ ਖਿਲਾਫ ਹੋਵੇ। ਜੈ ਹਿੰਦ।