ਭਾਸ਼ਾ ਵਿਭਾਗ ਦੀ ‘ਪੁਸਤਕ ਬੈਠਕ’’ਚ ਸ਼ਾਮਲ ਹੋਏ ਗੁਰਪ੍ਰੀਤ ਘੁੱਗੀ

0
26
Bhasha vibhag

ਪਟਿਆਲਾ 29 ਅਗਸਤ 2025 : ਭਾਸ਼ਾ ਵਿਭਾਗ ਪੰਜਾਬ (Language Department Punjab) ਦੇ ਮਹੀਨਾਵਾਰ ਸਮਾਗਮ ‘ਪੁਸਤਕ ਬੈਠਕ’’ਚ ਅੱਜ ਫਿਲਮ ਜਗਤ ਦੀ ਹਰਮਨ-ਪਿਆਰੀ ਸ਼ਖ਼ਸੀਅਤ ਗੁਰਪ੍ਰੀਤ ਘੁੱਗੀ ਪਹੁੰਚੇ ਅਤੇ ਉਨ੍ਹਾਂ ਨੇ ਆਪਣੇ ਕਿਤਾਬਾਂ ਨਾਲ ਰਿਸ਼ਤੇ ਬਾਰੇ ਵੱਡਮੁੱਲੀਆਂ ਗੱਲਾਂ ਕੀਤੀਆਂ । ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਦੀਆਂ ਅਗਵਾਈ ’ਚ ਹਰ ਮਹੀਨੇ ਹੋਣ ਵਾਲੇ ਇਸ ਸਮਾਗਮ ਦੌਰਾਨ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਪੜ੍ਹੀਆਂ ਪੁਸਤਕਾਂ ਬਾਰੇ ਹੋਣ ਵਾਲੀ ਚਰਚਾ ਦੌਰਾਨ ਅੱਜ ਗੁਰਪ੍ਰੀਤ ਸਿੰਘ ਘੁੱਗੀ ਨੇ ਪੁਸਤਕ ਸੱਭਿਆਚਾਰ ਨਾਲ ਜੁੜਨ ਬਾਰੇ ਤਜਰਬੇ ਸਾਂਝੇ ਕੀਤੇ ।

ਕਿਤਾਬਾਂ ਨਾਲ ਆਪਣੇ ਰਿਸ਼ਤੇ ਬਾਰੇ ਕੀਤੀਆਂ ਵੱਡਮੁੱਲੀਆਂ ਗੱਲਾਂ

ਇਸ ਮੌਕੇ ਜਸਵੰਤ ਸਿੰਘ ਜ਼ਫ਼ਰ (Jaswant Singh Zafar) ਨੇ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਿਤਾਬਾਂ ਨਾਲ ਜੋੜਨ ਦੇ ਸਫ਼ਲ ਤਜਰਬੇ ਲਈ ਗੁਰਪ੍ਰੀਤ ਘੁੱਗੀ ਵੱਲੋਂ ਪੁਸਤਕ ਬੈਠਕ ’ਚ ਸ਼ਾਮਲ ਹੋਣਾ ਉਨ੍ਹਾਂ ਨੂੰ ਸ਼ਾਬਾਸ਼ ਦੇਣ ਵਾਂਗ ਹੈ । ਉਨ੍ਹਾਂ ਦੱਸਿਆ ਕਿ ਘੁੱਗੀ ਉਨ੍ਹਾਂ ਸ਼ਖ਼ਸੀਅਤਾਂ ’ਚ ਸ਼ਾਮਲ ਹੈ ਜੋ ਬਚਪਨ ਤੋਂ ਲੈ ਕੇ ਨਿਰੰਤਰ ਕਿਤਾਬਾਂ ਪੜ੍ਹ ਰਹੀਆਂ ਹਨ। ਜਿਸ ਸਦਕਾ ਉਨ੍ਹਾਂ ਦੀ ਅਦਾਕਾਰੀ, ਉਚਾਰਨ ਤੇ ਸ਼ਬਦਾਵਲੀ ਬਹੁਤ ਮਿਆਰੀ ਤੇ ਵਿਸ਼ਾਲ ਹੈ ।

ਉਸ ਨੇ ਬਹੁਤ ਛੋਟੀ ਉਮਰ ’ਚ ‘ਵਿੱਦਿਆ ਵਿਚਾਰੀ ਪਰਉਪਕਾਰੀ ’ਦੇ ਅਰਥ ਪੱਲੇ ਬੰਨ੍ਹ ਲਏ ਸਨ

ਇਸ ਮੌਕੇ ਗੁਰਪ੍ਰੀਤ ਘੁੱਗੀ (Gurpreet Ghuggi) ਨੇ ਪਾਠਕਾਂ ਨਾਲ ਸੰਵਾਦ ਰਚਾਉਂਦਿਆਂ ਦੱਸਿਆ ਕਿ ਉਸ ਨੇ ਬਹੁਤ ਛੋਟੀ ਉਮਰ ’ਚ ‘ਵਿੱਦਿਆ ਵਿਚਾਰੀ ਪਰਉਪਕਾਰੀ ’ਦੇ ਅਰਥ ਪੱਲੇ ਬੰਨ੍ਹ ਲਏ ਸਨ ਅਤੇ ਘਰ ’ਚ ਗੁਰਬਤ ਹੋਣ ਦੇ ਬਾਵਜੂਦ ਵੀ ਉਸ ਨੇ ਆਪਣੇ ਵੱਡੇ ਭਰਾ ਦੀ ਪ੍ਰੇਰਨਾ ਨਾਲ ਬਚਪਨ ਤੋਂ ਹੀ ਪੁਸਤਕਾਂ ਨਾਲ ਸਾਂਝ ਪਾ ਲਈ । ਜਿਸ ਦਾ ਸਿੱਟਾ ਇਹ ਨਿੱਕਲਿਆ ਕਿ ਗਿਆਨ ਤੋਂ ਤਾਕਤਵਰ ਕੋਈ ਸ਼ੈਅ ਨਹੀਂ ਅਤੇ ਇਹ ਤੁਹਾਨੂੰ ਹਮੇਸ਼ਾ ਫਲ਼ ਦਿੰਦੀ ਰਹਿੰਦੀ ਹੈ । ਉਨ੍ਹਾਂ ਕਿਹਾ ਕਿ ਕਿਤਾਬ ਰਚਨਾ ਸਦਕਾ ਬਣਦੀ ਹੈ ਤੇ ਰਚਨਾ ਤੋਂ ਹੀ ਰਸਨਾ ਬਣਦੀ ਹੈ ।

ਕਿਤਾਬਾਂ ਸਾਨੂੰ ਭਵਿੱਖ ਨਾਲ ਜੋੜਨ ਤੋਂ ਪਹਿਲਾ ਆਪਣੇ ਮਾਣਮੱਤੇ ਤੇ ਕੁਰਬਾਨੀਆਂ ਭਰੇ ਇਤਿਹਾਸ ਨਾਲ ਵੀ ਜੋੜਦੀਆਂ ਹਨ

ਘੁੱਗੀ ਨੇ ਕਿਹਾ ਕਿ ਕਿਤਾਬਾਂ ਸਾਨੂੰ ਭਵਿੱਖ ਨਾਲ ਜੋੜਨ ਤੋਂ ਪਹਿਲਾ ਆਪਣੇ ਮਾਣਮੱਤੇ ਤੇ ਕੁਰਬਾਨੀਆਂ ਭਰੇ ਇਤਿਹਾਸ ਨਾਲ ਵੀ ਜੋੜਦੀਆਂ ਹਨ ਜੋ ਸਾਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਹੈ।ਉਨ੍ਹਾਂ ਕਿਹਾ ਕਿ ਅਸੀਂ ਆਪਣੇ ਬੱਚਿਆਂ ਲਈ ਜ਼ਮੀਨਾਂ-ਜਾਇਦਾਦਾਂ ਜੋੜਦੇ ਹਾਂ ਪਰ ਉਨ੍ਹਾਂ ਤੋਂ ਵੀ ਵੱਡੀ ਇੱਕ ਦੌਲਤ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇਣਾ ਹੈ, ਜੋ ਸਿਰਫ਼ ਪੁਸਤਕਾਂ ਨਾਲ ਜੋੜਕੇ ਹੀ ਦਿੱਤੇ ਜਾ ਸਕਦੇ ਹਨ ।

ਉਹ ਇੱਕ ਕਿਤਾਬ ਪੜ੍ਹਕੇ ਹੀ ਅਦਾਕਾਰੀ ਦੇ ਰਾਹ ਪਿਆ ਸੀ

ਉਨ੍ਹਾਂ ਦੱਸਿਆ ਕਿ ਉਹ ਇੱਕ ਕਿਤਾਬ ਪੜ੍ਹ ਕੇ ਹੀ ਅਦਾਕਾਰੀ ਦੇ ਰਾਹ ਪਿਆ ਸੀ, ਸਕੂਲੀ ਜੀਵਨ ਦੌਰਾਨ ਉਸ ਨੇ ਆਪਣੇ ਭਰਾ ਦੀ ਕਿਤਾਬ ’ਚੋਂ ਇਕਾਂਗੀ ਪੜ੍ਹੀ ਤੇ ਸਕੂਲ ਅਧਿਆਪਕਾਂ ਦੀ ਹੱਲਾਸ਼ੇਰੀ ਨਾਲ ਖੁਦ ਹੀ ਸਾਥੀਆਂ ਨਾਲ ਮਿਲਕੇ ਪੇਸ਼ਕਾਰੀ ਕੀਤੀ । ਇਸ ਪਲੇਠੀ ਪੇਸ਼ਕਾਰੀ ਨੇ ਉਸ ਵਿੱਚ ਸਵੈਵਿਸ਼ਵਾਸ ਭਰਿਆ ਤੇ ਬਾਕੀ ਕੰਮ ਉਸ ਨੇ ਆਪਣੀ ਲਗਨ ਤੇ ਮਿਹਤਨ ਨਾਲ ਕੀਤਾ । ਉਨ੍ਹਾਂ ਭਾਸ਼ਾ ਵਿਭਾਗ ਵੱਲੋਂ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ।

ਵਿਭਾਗ ਵੱਲੋਂ ਗੁਰਪ੍ਰੀਤ ਘੁੱਗੀ ਨੂੰ ਸ਼ਾਲ ਤੇ ਪੁਸਤਕਾਂ ਦੇ ਸੈੱਟ ਨਾਲ ਸਤਿਕਾਰ ਦਿੱਤਾ

ਇਸ ਮੌਕੇ ਵਿਚਾਰ ਚਰਚਾ ’ਚ ਡਾ. ਮਨਜਿੰਦਰ ਸਿੰਘ ਖੋਜ ਅਫ਼ਸਰ, ਕਿਰਨਜੀਤ ਕੌਰ, ਅੰਕੁਸ਼ ਕੁਮਾਰ, ਗੁਰਮੇਲ ਸਿੰਘ, ਬਲਵੀਰ ਕੌਰ ਤੇ ਵਿਕਾਸ ਕੁਮਾਰ ਨੇ ਹਿੱਸਾ ਲਿਆ । ਵਿਭਾਗ ਵੱਲੋਂ ਗੁਰਪ੍ਰੀਤ ਘੁੱਗੀ ਨੂੰ ਸ਼ਾਲ ਤੇ ਪੁਸਤਕਾਂ ਦੇ ਸੈੱਟ ਨਾਲ ਸਤਿਕਾਰ ਦਿੱਤਾ । ਮੰਚ ਸੰਚਾਲਨ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਕੀਤਾ । ਗੁਰਪ੍ਰੀਤ ਘੁੱਗੀ ਨੇ ਵਿਭਾਗ ਦੀ ਲਾਇਬਰੇਰੀ ਤੇ ਕੰਪਿਊਟਰ ਵਿੰਗ ’ਚ ਵੀ ਫੇਰੀ ਪਾਈ ਅਤੇ ਚੱਲ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ । ਇਸ ਮੌਕੇ ਵਿਭਾਗ ਦੀ ਵਧੀਕ ਨਿਰਦੇਸ਼ਕਾ ਹਰਪ੍ਰੀਤ ਕੌਰ, ਡਿਪਟੀ ਡਾਇਰੈਕਟਰ ਹਰਭਜਨ ਕੌਰ, ਚੰਦਨਦੀਪ ਕੌਰ ਤੇ ਆਲੋਕ ਚਾਵਲਾ, ਸਹਾਇਕ ਨਿਰਦੇਸ਼ਕ ਅਮਰਿੰਦਰ ਸਿੰਘ ਤੇ ਸੁਰਿੰਦਰ ਕੌਰ ਵੀ ਹਾਜ਼ਰ ਸਨ ।

Read More : ਭਾਸ਼ਾ ਵਿਭਾਗ ਪੰਜਾਬ ਨੇ ਕਰਵਾਇਆ ‘ਪਹਿਲੀ ਵਾਰ’ ਸਿਰਲੇਖ ਅਧੀਨ ਕਵੀ ਦਰਬਾਰ’

 

LEAVE A REPLY

Please enter your comment!
Please enter your name here