ਪਟਿਆਲਾ , 2 ਦਸੰਬਰ 2025 : ਹਥਿਆਰ ਬੰਦ ਸੈਨਾ ਝੰਡਾ ਦਿਵਸ (Disarmament Army Flag Day) ਮੌਕੇ ਜ਼ਿਲ੍ਹਾ ਰਖਿਆ ਸੇਵਾਵਾਂ ਭਲਾਈ ਦਫ਼ਤਰ ਦੇ ਅਧਿਕਾਰੀਆਂ ਵੱਲੋਂ ਜਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ (ਜ) ਸਿਮਰਪ੍ਰੀਤ ਕੌਰ ਨੂੰ ਟੋਕਨ ਫਲੈਗ (Token flag) ਲਗਾ ਕੇ ਇਸ ਮੁਹਿੰਮ ਦਾ ਆਗਾਜ਼ ਕੀਤਾ ।
ਮੀਟਿੰਗ ਦੌਰਾਨ ਦਿੱਤੀ ਵੱਖ-ਵੱਖ ਭਲਾਈ ਸਕੀਮਾਂ ਬਾਰੇ
ਇਸ ਉਪਰੰਤ ਓਹਨਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਸੈਨਿਕ ਬੋਰਡ ਪਟਿਆਲਾ ਦੀ ਤਿਮਾਹੀ ਮੀਟਿੰਗ ਕੀਤੀ ਗਈ । ਮੀਟਿੰਗ ਦੌਰਾਨ ਕਮਾਂਡਰ ਬਲਜਿੰਦਰ ਵਿਰਕ (ਰਿਟਾ.) ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਨੇ ਵਿਭਾਗ ਵਲੋਂ ਸ਼ਹੀਦ ਸੈਨਿਕਾਂ, ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਲਈ ਪੰਜਾਬ ਸਰਕਾਰ ਅਤੇ ਕੇਂਦਰੀ ਸੈਨਿਕ ਬੋਰਡ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਬਾਰੇ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ ।
ਸਰਕਾਰ ਵਲੋਂ ਵੱਖ-ਵੱਖ ਭਲਾਈ ਸਕੀਮਾਂ ਵਿੱਚ ਕੀਤੇ ਗਏ ਵਾਧੇ ਦੀ ਵੀ ਜਾਣਕਾਰੀ ਦਿੱਤੀ
ਇਸ ਤੋਂ ਇਲਾਵਾ ਉਨ੍ਹਾਂ ਵਲੋਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਪਟਿਆਲਾ ਦੀ ਦੋ ਕੁਆਟਰਾਂ ਦੀ ਕਾਰਗੁਜ਼ਾਰੀ ਦਾ ਵੀ ਵਿਸਥਾਰ-ਪੂਰਵਕ ਬਿਊਰਾ ਦਿੱਤਾ ਗਿਆ। ਉਨ੍ਹਾਂ ਨੇ ਹਾਲ ਵਿੱਚ ਪੰਜਾਬ ਸਰਕਾਰ ਵਲੋਂ ਵੱਖ-ਵੱਖ ਭਲਾਈ ਸਕੀਮਾਂ ਵਿੱਚ ਕੀਤੇ ਗਏ ਵਾਧੇ ਦੀ ਵੀ ਜਾਣਕਾਰੀ ਦਿੱਤੀ। ਮੀਟਿੰਗ ਦੌਰਾਨ ਉਨ੍ਹਾਂ ਵਲੋਂ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਦਰਪੇਸ਼ ਮੁਸ਼ਕਿਲਾਂ ਸਬੰਧੀ ਵੀ ਵਧੀਕ ਡਿਪਟੀ ਕਮਿਸ਼ਨਰ ਅਤੇ ਮੀਟਿੰਗ ਵਿੱਚ ਮੌਜੂਦ ਵੱਖ-ਵੱਖ ਵਿਭਾਗਾਂ ਦੇ ਮੁੱਖੀਆਂ ਨੂੰ ਜਾਣੂ ਕਰਵਾਇਆ ।
ਵਧੀਕ ਡਿਪਟੀ ਕਮਿਸ਼ਨਰ ਵਲੋਂ ਦਿੱਤੇ ਗਏ ਨਿਰਦੇਸ਼
ਵਧੀਕ ਡਿਪਟੀ ਕਮਿਸ਼ਨਰ ਵਲੋਂ ਨਿਰਦੇਸ਼ ਦਿੱਤੇ ਗਏ ਕਿ ਸਾਬਕਾ ਸੈਨਿਕਾਂ (Ex-servicemen) ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਭਲਾਈ ਯੋਜਨਾਵਾਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕੀਤਾ ਜਾਵੇ ਅਤੇ ਇਨ੍ਹਾਂ ਭਲਾਈ ਸਕੀਮਾਂ ਜਿਵੇਂ ਪ੍ਰੀ-ਰਿਕਰੂਟਮੈਂਟ ਟ੍ਰੇਨਿੰਗ ਅਤੇ ਬੇਸਿਕ ਕੰਪਿਊਟਰ ਕੋਰਸ, ਐਨ. ਏ. ਐਲ. ਐਸ. ਏ. ਅਧੀਨ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਵਿਖੇ ਸਥਾਪਿਤ ਕੀਤੇ ਗਏ ਮੁਫਤ ਕਾਨੂੰਨੀ ਸਹਾਇਤਾ (Free legal aid) ਦਾ ਪ੍ਰਚਾਰ ਕੀਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰ ਇਨ੍ਹਾਂ ਭਲਾਈ ਸਕੀਮਾਂ ਦਾ ਲਾਭ ਲੈ ਸਕਣ ।
ਡਿਪਟੀ ਕਮਿਸ਼ਨਰ ਵਲੋ ਵਿਭਾਗ ਦਾ ਟੇਬਲ ਕਲੰਡਰ ਅਤੇ ਡਾਇਰੀ ਨੂੰ ਲੋਕ ਅਰਪਨ ਕੀਤਾ ਗਿਆ
ਇਸ ਉਪਰੰਤ ਵਧੀਕ ਡਿਪਟੀ ਕਮਿਸ਼ਨਰ ਵਲੋ ਵਿਭਾਗ ਦ ਸਾਲ-2026 ਦਾ ਟੇਬਲ ਕਲੰਡਰ (Table calendar) ਅਤੇ ਡਾਇਰੀ ਨੂੰ ਲੋਕ ਅਰਪਨ ਕੀਤਾ ਗਿਆ । ਉਨ੍ਹਾਂ ਇਸ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਦਾਰਿਆਂ ਅਤੇ ਸਥਾਨਕ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਹਥਿਆਰਬੰਦ ਸੈਨਾ ਝੰਡਾ ਦਿਵਸ ਵਿੱਚ ਖੁੱਲ੍ਹ-ਦਿਲੀ ਨਾਲ ਵੱਧ ਤੋਂ ਵੱਧ ਯੋਗਦਾਨ ਦੇਣ। ਮੀਟਿੰਗ ਦੀ ਸਮਾਪਤੀ ਸਮੇਂ ਫਲੈਗ ਡੇਅ ਫੰਡ ਵਿਚੋਂ 6 ਲਾਭਪਾਤਰੀਆਂ ਨੂੰ ਮਾਲੀ ਸਹਾਇਤਾ ਦੇ ਚੈੱਕ ਪ੍ਰਦਾਨ ਕੀਤੇ ਗਏ ।
ਇਸ ਮੌਕੇ ਮੀਟਿੰਗ ਵਿਚ ਕੌਣ ਕੌਣ ਸੀ ਮੌਜੂਦ
ਇਸ ਮੌਕੇ ਕਮਾਂਡਰ ਬਲਜਿੰਦਰ ਵਿਰਕ (ਰਿਟਾ.) ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਪਟਿਆਲਾ, ਕਰਨਲ ਜਸਬੀਰ ਸਿੰਘ (ਰਿਟਾ.) ਉੱਪ ਪ੍ਰਧਾਨ ਜ਼ਿਲ੍ਹਾ ਸੈਨਿਕ ਬੋਰਡ, ਕੈਪਟਨ ਸ਼ੀਤਲ ਕੁਮਾਰ (ਰਿਟਾ.), ਐਡਵੋਕੇਟ ਸੁਖਵੰਤ ਸਿੰਘ ਘੁੰਮਾਣ, ਅਤੇ ਵੱਖ-ਵੱਖ ਵਿਭਾਗਾਂ ਦੇ ਮੁੱਖੀ ਸਾਹਿਬਾਨ ਅਤੇ ਸਟਾਫ ਮੈਂਬਰ ਜ਼ਿਲ੍ਹਾ ਸੈਨਿਕ ਬੋਰਡ ਦੇ ਮੈਂਬਰ ਹਾਜ਼ਰ ਸਨ ।
Read More : ਡਿਪਟੀ ਕਮਿਸ਼ਨਰ ਵੱਲੋਂ ਫ਼ੌਜਦਾਰੀ ਨਿਆਂ ਪ੍ਰਣਾਲੀ ‘ਚ ਸੁਧਾਰ ਕਰਨ ਲਈ ਜਾਇਜ਼ਾ ਬੈਠਕ









