ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਕੋਵਿਡ-19 ਦੀ ਸਥਿਤੀ ‘ਚ ਸੁਧਾਰ ਦੇ ਮੱਦੇਨਜ਼ਰ ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰੇ ਦੇ ਦਰਸ਼ਨਾਂ ਲਈ ਕਰਤਾਰਪੁਰ ਲਾਂਘਾ ਮੁੜ ਤੋਂ ਖੋਲ੍ਹਿਆ ਜਾਵੇ। ਇਸ ਸਬੰਧੀ ਕੈਪਟਨ ਨੇ ਪ੍ਰਧਾਨ ਮੰਤਰੀ ਨੂੰ ਇਕ ਪੱਤਰ ਵੀ ਲਿਖਿਆ ਹੈ। ਉਨ੍ਹਾਂ ਨੇ ਇਸ ਮਾਮਲੇ ‘ਚ ਪ੍ਰਧਾਨ ਮੰਤਰੀ ਪਾਸੋਂ ਸਕਾਰਾਤਮਕ ਨਜ਼ਰੀਏ ਦੀ ਉਮੀਦ ਕੀਤੀ।
ਮੁੱਖ ਮੰਤਰੀ ਨੇ ਦੱਸਿਆ ਕਿ ਕੋਵਿਡ ਦੇ ਫੈਲਣ ਕਾਰਨ ਲਾਂਘੇ ਰਾਹੀਂ ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਦੀ ਆਵਾਜਾਈ ਮਾਰਚ 2020 ‘ਚ ਰੋਕ ਦਿੱਤੀ ਗਈ ਸੀ। ਉਨ੍ਹਾਂ ਨੇ ਲਿਖਿਆ, “ਪਿਛਲੇ ਇੱਕ ਮਹੀਨੇ ‘ਚ ਪੰਜਾਬ ‘ਚ ਕੋਵਿਡ -19 ਸਥਿਤੀ ਵਿੱਚ ਬਹੁਤ ਸੁਧਾਰ ਹੋਇਆ ਹੈ ਅਤੇ ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਕੱਲ੍ਹ ਤਕਰੀਬਨ ਇੱਕ ਸਾਲ ਦੇ ਅਰਸੇ ਬਾਅਦ ਕੋਵਿਡ -19 ਨਾਲ ਸਬੰਧਤ ਕੋਈ ਵੀ ਮੌਤ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ।” ਉਨ੍ਹਾਂ ਕਿਹਾ ਕਿ ਬਦਲੇ ਦ੍ਰਿਸ਼ ‘ਚ ਸੰਗਤ ਨੇ ਇਕ ਵਾਰ ਫਿਰ ਕਰਤਾਰਪੁਰ ਦੇ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ, ਕੋਵਿਡ ਸਥਿਤੀ ‘ਚ ਸੁਧਾਰ ਦੇ ਮੱਦੇਨਜ਼ਰ ਤੇ ਸੰਗਤ ਦੀ ਸ਼ਰਧਾ ਨੂੰ ਧਿਆਨ ‘ਚ ਰੱਖਦੇ ਹੋਏ ਲਾਂਘਾ ਖੋਲ੍ਹਣ ਦੀ ਪਹਿਲ ਕਰੇ।