CM ਮਾਨ ਦੇ ਜੱਦੀ ਪਿੰਡ ਤੋਂ ਹੋਈ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ

0
106

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜੱਦੀ ਪਿੰਡ ਸਤੌਜ ਵਿਖੇ ਪੰਜਾਬ ਖੇਤੀਬਾੜੀ ਯੂਨੀਵਰਸਟੀ ਲੁਧਿਆਣਾ ਵੱਲੋਂ ਆਈ ਵਿਸ਼ੇਸ਼ ਟੀਮ ਵੱਲੋਂ ਮੁੱਖ ਮੰਤਰੀ ਦੇ ਮਾਤਾ ਹਰਪਾਲ ਕੌਰ ਦੀ ਹਾਜ਼ਰੀ ਵਿਚ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ ਕੀਤੀ ਗਈ। ਮਾਤਾ ਹਰਪਾਲ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਪਿੰਡ ਸਤੌਜ ਤੋਂ ਸ਼ੁਰੂ ਕਰਨ ਦਾ ਜੋ ਫੈਸਲਾ ਲਿਆ ਹੈ, ਉਸ ਦੀ ਸਰਾਹਨਾ ਕਰਦੇ ਹਨ ਕਿਉਂਕਿ ਭਗਵੰਤ ਹਮੇਸ਼ਾ ਪਿੰਡ ਨਾਲ ਜੁੜਿਆ ਰਿਹਾ ਹੈ ਤੇ ਜੁੜਿਆ ਰਹੇਗਾ।

ਪੀ.ਏ.ਯੂ. ਦੇ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਜੇਡੀਏ ਇਨਪੁਟਸ (ਖਾਦਾਂ), ਡਾ. ਮੱਖਣ ਸਿੰਘ ਭੁੱਲਰ ਅਤੇ ਡਾ. ਜਸਬੀਰ ਸਿੰਘ ਗਿੱਲ ਨੇ ਦੱਸਿਆ ਕਿ ਪਿਛਲੇ ਸਾਲ 6 ਲੱਖ ਹੈਕਟੇਅਰ ਰਕਬੇ ’ਤੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਸੀ ਜਦਕਿ ਇਸ ਵਾਰ 12 ਲੱਖ ਹੈਕਟੇਅਰ ’ਤੇ ਬਿਜਾਈ ਕੀਤੇ ਜਾਣ ਦਾ ਅਨੁਮਾਨ ਹੈ। ਝੋਨੇ ਦੀ ਸਿੱਧੀ ਬਿਜਾਈ ਵਾਸਤੇ 2677 ਡੀਐਸਆਰ ਮਸ਼ੀਨਾਂ ਦਾ ਪ੍ਰਬੰਧ ਕੀਤਾ ਗਿਆ ਹੈ ਜਦਕਿ 154 ਡੀਐਸਆਰ ਮਸ਼ੀਨਾਂ ਜ਼ਿਲ੍ਹਾ ਸੰਗਰੂਰ ਵਾਸਤੇ ਦਿੱਤੀਆਂ ਗਈਆਂ ਹਨ। ਪਿੰਡ ਸਤੌਜ ਵਿਖੇ ਬਿਜਾਈ ਕਰਨ ਵਾਸਤੇ ਪੀਏਯੂ ਵੱਲੋਂ ਲੱਕੀ ਸੀਡਰ ਡੀਐਸਆਰ ਮਸ਼ੀਨ ਅਤੇ ਇੱਕ ਡੀਐਸਆਰ ਮਸ਼ੀਨ ਸਮੇਤ ਟਰੈਕਟਰ ਜਗਤਜੀਤ ਗਰੁੱਪ ਚੀਮਾ ਮੰਡੀ ਵੱਲੋਂ ਦਿੱਤੀ ਗਈ ਹੈ।

ਇਸ ਮੌਕੇ ਨਰਿੰਦਰਪਾਲ ਸਿੰਘ ਏਡੀਓ, ਦਮਨਪ੍ਰੀਤ ਸਿੰਘ ਏਡੀਓ, ਸਰਪੰਚ ਚਰਨਾ ਸਿੰਘ, ਨੰਬਰਦਾਰ ਗੁਰਜੀਤ ਸਿੰਘ ਤੇ ਵੱਡੀ ਗਿਣਤੀ ਵਿਚ ਪਿੰਡ ਸਤੌਜ ਵਾਸੀ ਮੌਜੂਦ ਸਨ।

 

LEAVE A REPLY

Please enter your comment!
Please enter your name here