CM ਮਾਨ ਨੇ ਵੱਖ-ਵੱਖ ਵਿਭਾਗਾਂ ‘ਚ ਨਵ-ਨਿਯੁਕਤ ਉਮੀਦਵਾਰਾਂ ਨੂੰ ਵੰਡੇ ਨਿਯੁਕਤੀ ਪੱਤਰ

0
61

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਿਊਂਸੀਪਲ ਭਵਨ ਵਿਖੇ ਵੱਖ-ਵੱਖ ਵਿਭਾਗਾਂ ‘ਚ 461 ਨਵੇਂ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ‘ਚ 8 ਯੂ. ਪੀ. ਐੱਸ. ਸੀ. ਸੈਂਟਰ ਖੋਲ੍ਹੇ ਜਾਣਗੇ। ਜਿੱਥੇ ਨੌਜਵਾਨ ਮੁੰਡੇ-ਕੁੜੀਆਂ ਨੂੰ ਮੁਫ਼ਤ ਕੋਚਿੰਗ ਮਿਲੇਗੀ।

ਪੰਜਾਬ ਪੁਲਿਸ ਦਾ ਨਵੀਨੀਕਰਨ, ਪੰਜਾਬ ਪੁਲਿਸ ਨੂੰ ਅਪਡੇਟ ਰੱਖਣ ਲਈ ਕੋਈ ਬਜਟ ਦੀ ਕਮੀ ਨਹੀਂ ਹੈ। ਇਹ ਪਹਿਲੀ ਵਾਰ ਹੈ ਕਿ ਪੰਜਾਬ ਪੁਲਿਸ ਨੂੰ ਨਵੀਆਂ ਗੱਡੀਆਂ, ਮੋਟਰਸਾਈਕਲ ਅਤੇ ਕੰਪਿਊਟਰ ਮੁਹੱਈਆ ਕਰਵਾਏ ਗਏ ਹਨ ਕਿਉਂਕਿ ਪੰਜਾਬ ਪੁਲਿਸ ਅਪਰਾਧੀਆਂ ਤੋਂ ਇਕ ਕਦਮ ਅੱਗੇ ਹੋਣੀ ਚਾਹੀਦੀ ਹੈ ਤਾਂ ਹੀ ਉਹ ਉਨ੍ਹਾਂ ਨਾਲ ਬਹਾਦਰੀ ਨਾਲ ਲੜ ਸਕੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਦੇਸ਼ ‘ਚ ਸਭ ਤੋਂ ਸੌਖਾ ਕੰਮ ਹੈ ਕਿ ਪੁਲਿਸ ਨੂੰ ਬਦਨਾਮ ਕਰ ਦਿਓ ਕਿ ਪੁਲਿਸ ਕੀ ਕਰ ਰਹੀ ਸੀ?

ਇਹ ਕਹਿਣਾ ਬੜਾ ਸੌਖਾ ਹੈ ਪਰ ਜਦੋਂ ਸਾਡੇ ਕੋਲ ਜਾਂਚ ਹਾਈ ਲੈਵਲ ਦੀ ਹੋਵੇ ਤਾਂ ਫਿਰ ਲੋਕਾਂ ਦਾ ਵਿਸ਼ਵਾਸ ਪੁਲਸ ‘ਤੇ ਵਧੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਪੰਜਾਬ ਪੁਲਿਸ ‘ਤੇ ਸਿਆਸੀ ਦਬਾਅ ਬਹੁਤ ਪੈਂਦਾ ਸੀ ਅਤੇ ਉੱਪਰੋਂ ਫੋਨ ਆ ਜਾਂਦੇ ਸਨ ਤਾਂ ਪੁਲਿਸ ਨੂੰ ਉਨ੍ਹਾਂ ਦੀ ਮੰਨਣੀ ਪੈਂਦੀ ਸੀ, ਜਿਸ ਕਾਰਨ ਲੋਕਾਂ ਦਾ ਪੁਲਸ ਤੋਂ ਵਿਸ਼ਵਾਸ ਟੁੱਟ ਜਾਂਦਾ ਸੀ।

ਉਨ੍ਹਾਂ ਕਿਹਾ ਕਿ ਗੈਂਗਸਟਰਾਂ ਨਾਲ ਤਾਂ ਸਿਆਸੀ ਲੋਕ ਰਲੇ ਹੋਏ ਹਨ ਅਤੇ ਬਦਨਾਮ ਪੁਲਸ ਹੋ ਗਈ। ਇਸ ਲਈ ਹੁਣ ਸਾਡੀ ਸਰਕਾਰ ਇਸ ਰਾਹ ‘ਤੇ ਚੱਲ ਰਹੀ ਹੈ ਕਿ ਕਿਸੇ ‘ਤੇ ਵੀ ਗਲਤ ਪਰਚਾ ਨਹੀਂ ਪੈਣਾ ਚਾਹੀਦਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪੁਲਿਸ ਕੋਲ ਆਧੁਨਿਕ ਤਕਨਾਲੋਜੀ ਹੋਵੇਗੀ ਅਤੇ ਪੰਜਾਬ ਪੁਲਿਸ ਦੇਸ਼ ਦੀ ਹਾਈਟੈੱਕ ਪੁਲਸ ਬਣੇਗੀ।

ਪੁਲਿਸ ਕੋਲ ਬਹੁਤ ਚੁਣੌਤੀਆਂ ਹਨ ਅਤੇ ਜੇਕਰ ਅਫ਼ਸਰਾਂ ਨੂੰ ਕਾਬਲੀਅਤ ਮੁਤਾਬਕ ਕੰਮ ਕਰਨ ਦਾ ਮਾਹੌਲ ਮਿਲੇ ਤਾਂ ਹੀ ਸੁਧਾਰ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਆਉਂਦੇ ਸਾਰ ਹੀ ਪੰਜਾਬ ਪੁਲਿਸ ਤੋਂ ਬੋਝ ਘਟਾਇਆ ਹੈ ਤਾਂ ਜੋ ਉਹ ਵੀ ਆਪਣੀ ਡਿਊਟੀ ‘ਤੇ ਖੁਸ਼ੀ-ਖੁਸ਼ੀ ਜਾ ਸਕਣ।

ਹੁਣ ਸਾਰੇ ਪੁਲਿਸ ਮੁਲਾਜ਼ਮਾਂ ਦੇ ਜਨਮਦਿਨ ਨੂੰ ਲੈ ਕੇ ਇਕ ਸ਼ਾਨਦਾਰ ਵਧਾਈਆਂ ਦਾ ਕਾਰਡ ਹਰੇਕ ਪੁਲਿਸ ਵਾਲੇ ਦੇ ਘਰ ਜਾਂਦਾ ਹੈ। ਹੁਣ ਪੁਲਿਸ ਵਾਲੇ ਇਸ ਗੱਲੋਂ ਖੁਸ਼ ਹਨ ਅਤੇ ਨਫ਼ਰੀ ਵੀ ਵਧਾਈ ਜਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮੈਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਅੱਜ 150 ਨਵੇਂ ਹੈੱਡ ਕਾਂਸਟੇਬਲ ਭਰਤੀ ਹੋਏ ਹਨ। ਸਾਡੀਆਂ ਧੀਆਂ-ਭੈਣਾਂ ਵੀ ਕਿਸੇ ਤੋਂ ਘੱਟ ਨਹੀਂ ਹਨ। ਮੁੱਖ ਮੰਤਰੀ ਮਾਨ ਨੇ ਸਭ ਨੂੰ ਮਿਲ-ਜੁਲ ਕੇ ਕੰਮ ਕਰਨ ਲਈ ਕਿਹਾ।

ਉਨ੍ਹਾਂ ਨੇ ਪੰਜਾਬ ਵਾਸੀਆਂ ਨੂੰ ਖ਼ੁਸ਼ਖ਼ਬਰੀ ਦਿੰਦਿਆਂ ਕਿਹਾ ਕਿ ਸੜਕ ਸੁਰੱਖਿਆ ਫੋਰਸ ਦਾ 26 ਜਨਵਰੀ ਨੂੰ ਉਦਘਾਟਨ ਕੀਤਾ ਜਾਵੇਗਾ ਅਤੇ ਇਸ ਸਮੇਂ ਤੱਕ ਮੁਲਾਜ਼ਮਾਂ ਦੀ ਟ੍ਰੇਨਿੰਗ ਵੀ ਖ਼ਤਮ ਹੋ ਜਾਵੇਗੀ। ਇਹ ਮੁਲਾਜ਼ਮ ਪੀ. ਏ. ਪੀ. ‘ਚੋਂ ਲਏ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਮੁਲਾਜ਼ਮਾਂ ਨੂੰ 129 ਆਧੁਨਿਕ ਗੱਡੀਆਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਦੀ ਕੀਮਤ 37 ਲੱਖ ਰੁਪਏ ਦੇ ਕਰੀਬ ਹੈ। ਇਨ੍ਹਾਂ ‘ਚ ਕੰਪਿਊਟਰ ਅਤੇ ਕੈਮਰੇ ਲੱਗੇ ਹੋਏ ਹਨ ਅਤੇ ਸਾਰੇ ਮੁਲਾਜ਼ਮਾਂ ਨੂੰ ਨਵੀਂ ਵਰਦੀ ਦਿੱਤੀ ਗਈ ਹੈ। ਇਕ ਫਰਵਰੀ ਤੋਂ ਪੰਜਾਬ ਦੀ ਜਨਤਾ ਨੂੰ ਇਹ ਸਾਰੇ ਮੁਲਾਜ਼ਮ ਸੜਕਾਂ ‘ਤੇ ਖੜ੍ਹੇ ਮਿਲਣਗੇ।

ਅੱਜ ਮੁਕੇਰੀਆਂ ‘ਚ ਸੜਕ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਜਾਨ ਗਵਾਉਣ ਵਾਲੇ 4 ਪੁਲਿਸ ਮੁਲਾਜ਼ਮਾਂ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਸੜਕ ਸੁਰੱਖਿਆ ਫੋਰਸ ਹੁੰਦੀ ਤਾਂ ਸ਼ਾਇਦ ਇਨ੍ਹਾਂ ਮੁਲਾਜ਼ਮਾਂ ਦੀ ਜਾਨ ਬਚ ਸਕਦੀ ਸੀ ਕਿਉਂਕਿ ਇਸ ਫੋਰਸ ਸੜਕ ‘ਤੇ ਕੋਈ ਵੀ ਖ਼ਰਾਬ ਵਾਹਨ ਖੜ੍ਹਾ ਨਹੀਂ ਰਹਿਣ ਦੇਣਾ ਸੀ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਪੰਜਾਬ ਪੁਲਿਸ ‘ਤੇ ਵੀ ਬੋਝ ਘਟਾਇਆ ਜਾਵੇਗਾ ਅਤੇ ਕੋਸ਼ਿਸ਼ ਕੀਤੀ ਜਾਵੇਗੀ ਕਿ ਕੈਦੀਆਂ ਦੀਆਂ ਪੇਸ਼ੀਆਂ ਵਰਚੁਅਲ ਤਰੀਕੇ ਨਾਲ ਹੀ ਕਰਵਾਈਆਂ ਜਾਣ।

LEAVE A REPLY

Please enter your comment!
Please enter your name here