ਚੰਡੀਗੜ੍ਹ : ਪੰਜਾਬ ਕਾਂਗਰਸ ‘ਚ ਵਿਵਾਦ ਲਗਾਤਾਰ ਜਾਰੀ ਹੈ। ਇਸ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਜਾਣਕਾਰੀ ਮੁਤਾਬਕ ਜ਼ਲਦ ਹੀ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਪਹੁੰਚ ਕੇ ਕਾਂਗਰਸ ਹਾਈਕਮਾਨ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਵੱਡੀ ਚਰਚਾ ਦੀ ਉਂਮੀਦ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਇਸ ਮੀਟਿੰਗ ਦੀ ਤਾਰੀਕ ਤੈਅ ਨਹੀਂ ਹੋਈ।
ਇਸ ‘ਚ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕੀ ਇਸ ਬੈਠਕ ‘ਚ ਪਾਰਟੀ ਦੇ ਅੰਦਰ ਚੱਲ ਰਹੇ ਕਲੇਸ਼ ਨੂੰ ਖ਼ਤਮ ਕਰਨ ਲਈ ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਉਥੇ ਹੀ ਸਿੱਧੂ ਦੀ ਪ੍ਰਿਅੰਕਾ ਗਾਂਧੀ ਦੇ ਨਾਲ ਮੁਲਾਕਾਤ ਤੋਂ ਬਾਅਦ ਇਹ ਅਟਕਲਾਂ ਵੀ ਲਗਾਈਆਂ ਜਾ ਰਹੀਆਂ ਸਨ ਕਿ ਉਨ੍ਹਾਂ ਨੂੰ ਸੂਬੇ ‘ਚ ਪ੍ਰਚਾਰ ਕਮੇਟੀ ਦਾ ਇੰਚਾਰਜ ਬਣਾਇਆ ਜਾ ਸਕਦਾ ਹੈ ਜਾਂ ਚੋਣ ਕਮੇਟੀ ‘ਚ ਸ਼ਾਮਿਲ ਕੀਤਾ ਜਾ ਸਕਦਾ ਹੈ। ਸੂਤਰਾਂ ਦੀ ਮੰਨੀਏ ਤਾਂ ਦੇਸ਼ ਪੱਧਰ ‘ਤੇ ਪਾਰਟੀ ‘ਚ ਜਾਰੀ ਕਲੇਸ਼ ਦਾ ਅਸਰ ਚੋਣਾਂ ‘ਤੇ ਵੀ ਹੋ ਸਕਦਾ ਹੈ। ਕਾਂਗਰਸ ਵੱਲੋਂ ਇਸਨੂੰ ਸੁਲਝਾਉਣ ਲਈ 3 ਮੈਂਬਰੀ ਕਮੇਟੀ ਵੀ ਤਿਆਰ ਕੀਤੀ ਗਈ ਸੀ।