ਮਲੋਟ, 19 ਮਾਰਚ: ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਆਪਣੇ ਵਿਧਾਨ ਸਭਾ ਹਲਕੇ ਵਿਚ ਮਲੋਟ ਸ਼ਹਿਰ ਨੂੰ ਇੱਕ ਸੌਗਾਤ ਦਿੰਦਿਆਂ ਵੈਲਕਮ ਟੂ ਮਲੋਟ ਪ੍ਰੋਜੈਕਟ ਦਾ ਉਦਘਾਟਨ ਕੀਤਾ । ਸ਼ਹਿਰ ਦੇ ਬਠਿੰਡਾ ਚੌਂਕ ਵਿੱਚ ਜਿੱਥੇ ਅਬੋਹਰ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ ਅਤੇ ਬਠਿੰਡਾ ਤੋਂ ਸ਼ਹਿਰ ਵਿੱਚ ਦਾਖਲ ਹੋਇਆ ਜਾਂਦਾ ਹੈ ਉੱਥੇ ਇੱਕ ਸ਼ਾਨਦਾਰ ਸਵਾਗਤੀ ਪਾਰਕ ਬਣਾਇਆ ਗਿਆ ਹੈ। ਇਸ ਮੌਕੇ ਦਲਜੀਤ ਸਿੰਘ ਨਿਗਰਾਨ ਇੰਜੀਨੀਅਰ ਪੰਜਾਬ ਰਾਜ ਬਿਜਲੀ ਨਿਗਮ ਵੀ ਵਿਸ਼ੇਸ਼ ਤੌਰ ਤੇ ਉਨਾਂ ਦੇ ਨਾਲ ਹਾਜ਼ਰ ਰਹੇ।
ਇਹ ਵੀ ਪੜੋ: ਕੈਬਨਿਟ ਮੰਤਰੀ ਮੁੰਡੀਆਂ ਵੱਲੋਂ ਗਲਾਡਾ ਦਫ਼ਤਰ ਦੀ ਅਚਨਚੇਤ ਚੈਕਿੰਗ
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਇਸ ਦਾ ਉਦਘਾਟਨ ਕਰਦਿਆਂ ਕਿਹਾ ਕਿ ਤਿੰਨ ਸਾਲ ਪਹਿਲਾਂ ਮਲੋਟ ਇਲਾਕੇ ਦੇ ਲੋਕਾਂ ਨੇ ਉਹਨਾਂ ਨੂੰ ਸੇਵਾ ਦਾ ਮੌਕਾ ਦਿੱਤਾ ਸੀ ਅਤੇ ਉਹ ਲਗਾਤਾਰ ਹਲਕੇ ਦੇ ਵਿਕਾਸ ਲਈ ਯਤਨਸ਼ੀਲ ਹਨ। ਉਨਾਂ ਨੇ ਇਸ ਪ੍ਰੋਜੈਕਟ ਦੀ ਸਥਾਪਨਾ ਵਿੱਚ ਸਹਿਯੋਗ ਲਈ ਆਈਸੀਆਈਸੀਆਈ ਬੈਂਕ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਕਿ ਜਦ ਅਸੀਂ ਨਿਜ ਤੋਂ ਉੱਪਰ ਉੱਠ ਕੇ ਸਮਾਜ ਦੇ ਲਈ ਕੰਮ ਕਰਦੇ ਹਾਂ ਤਾਂ ਇਹ ਇੱਕ ਸ਼ਲਾਘਾਯੋਗ ਕਾਰਜ ਬਣ ਜਾਂਦਾ ਹੈ।
ਉਹਨਾਂ ਨੇ ਮਲੋਟ ਤੋਂ ਸ਼੍ਰੀ ਮੁਕਤਸਰ ਸਾਹਿਬ ਸੜਕ ਦੇ ਹੋਏ ਨਿਰਮਾਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਲਗਭਗ ਦੋ ਦਹਾਕਿਆਂ ਤੋਂ ਲਟਕੇ ਹੋਏ ਪ੍ਰੋਜੈਕਟ ਨੂੰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਪਹਿਲਕਦਮੀ ਨਾਲ ਪੂਰਾ ਕਰਵਾਇਆ ਗਿਆ ਹੈ। ਉਹਨਾਂ ਆਖਿਆ ਕਿ ਮਲੋਟ ਸ਼ਹਿਰ ਨੂੰ ਸੁੰਦਰ ਅਤੇ ਸਵੱਛ ਬਣਾਉਣ ਲਈ ਵਿਸ਼ੇਸ਼ ਉਪਰਾਲੇਆਂ ਦੀ ਲੜੀ ਤਹਿਤ ਸ਼ਹਿਰ ਦੇ ਵੱਡੇ ਹਿੱਸੇ ਵਿੱਚ ਸੀਵਰੇਜ ਦਾ ਕੰਮ ਮੁਕੰਮਲ ਹੋ ਗਿਆ ਹੈ ਜਦਕਿ ਰਹਿੰਦਾ ਕੰਮ ਵੀ ਅਗਲੇ ਵਿੱਤੀ ਸਾਲ ਦੌਰਾਨ ਪੂਰਾ ਹੋ ਜਾਵੇਗਾ। ਉਹਨਾਂ ਨੇ ਕਿਹਾ ਕਿ ਸ਼ਹਿਰ ਦੇ ਵਿੱਚੋਂ ਲੰਘਦੀ ਰੇਲਵੇ ਲਾਈਨ ਹੇਠੋਂ ਅੰਡਰ ਬ੍ਰਿਜ ਬਣਾਉਣ ਦਾ ਕੰਮ ਵੀ ਜਲਦੀ ਸ਼ੁਰੂ ਹੋਵੇਗਾ ਜਦੋਂ ਕਿ ਸ਼ਹਿਰ ਦੀ ਟੈਕਨੀਕਲ ਸਿੱਖਿਆ ਸੰਸਥਾ ਮਿਮਟ ਨੂੰ ਮਜਬੂਤ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਆਉਣ ਵਾਲੇ ਵਿੱਤੀ ਸਾਲ ਵਿੱਚ ਸ਼ਹਿਰ ਦੇ ਵਿਕਾਸ ਲਈ ਕਈ ਨਵੇਂ ਪ੍ਰੋਜੈਕਟ ਆਉਣਗੇ। ਇਸ ਮੌਕੇ ਸ਼ਹਿਰ ਵਾਸੀਆਂ ਨੇ ਇਸ ਪ੍ਰੋਜੈਕਟ ਦੀ ਵਿਸ਼ੇਸ਼ ਤੌਰ ਤੇ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਮਲੋਟ ਸ਼ਹਿਰ ਦੀ ਦਿੱਖ ਨਿਖਾਰਨ ਵਾਲਾ ਪ੍ਰੋਜੈਕਟ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਜਿਸ ਸਥਾਨ ਤੇ ਇਹ ਪ੍ਰੋਜੈਕਟ ਸਥਾਪਿਤ ਕੀਤਾ ਗਿਆ ਹੈ ਉੱਥੇ ਪਹਿਲਾਂ ਗੰਦੇ ਨਾਲੇ ਅਤੇ ਸੀਵਰੇਜ ਦੀ ਸਮੱਸਿਆ ਕਰਕੇ ਬਦਬੂ ਦੀ ਸਮੱਸਿਆ ਸੀ ਪਰ ਹੁਣ ਇੱਥੇ ਪੇੜ ਪੌਦੇ ਮਹਿਕਾਂ ਬਿਖੇਰਨਗੇ ।









