ਫਰਾਂਸ ਦੇ ਸਾਬਕਾ ਫੁੱਟਬਾਲਰ ਜੀਨ ਪੀਅਰੇ ਐਡਮਜ਼ ਦਾ ਸੋਮਵਾਰ ਦੇਹਾਂਤ ਹੋ ਗਿਆ। ਉਨ੍ਹਾਂ ਨੇ 73 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਐਡਮਜ਼ ਪਿਛਲੇ 39 ਸਾਲਾਂ ਤੋਂ ਕੋਮਾ ਵਿੱਚ ਸਨ। ਸਾਲ 1982 ਵਿੱਚ ਗੋਡੇ ਦੇ ਆਪਰੇਸ਼ਨ ਤੋਂ ਪਹਿਲਾਂ ਉਨ੍ਹਾਂ ਨੂੰ ਅਨੱਸਥੀਸੀਆ (ਸੁੰਨ ਕਰਨ ਵਾਲੀ ਦਵਾਈ) ਦਿੱਤੀ ਗਈ ਸੀ। ਪਰ ਇਹ ਦਵਾਈ ਐਡਮਜ਼ ਲਈ ਸਰਾਪ ਬਣ ਗਈ ਅਤੇ ਉਹ ਕੋਮਾ ਵਿੱਚ ਚਲੇ ਗਏ ਅਤੇ ਫਿਰ ਹੋਸ਼ ‘ਚ ਨਹੀਂ ਆਏ।
ਅਫਰੀਕੀ ਦੇਸ਼ ਸੇਨੇਗਲ ਵਿੱਚ ਜੰਮੇ ਐਡਮਜ਼ ਡਿਫੈਂਡਰ ਦੀ ਸਥਿਤੀ ਵਿੱਚ ਖੇਡਦੇ ਸਨ। ਉਹ ਨਾਇਸ ਅਤੇ ਪੈਰਿਸ ਸੇਂਟ-ਜਰਮੇਨ ਵਰਗੇ ਕਲੱਬਾਂ ਲਈ ਵੀ ਖੇਡੇ ਸਨ। ਉਨ੍ਹਾਂ ਨੇ 1972 ਤੋਂ 1976 ਦੇ ਵਿੱਚ 22 ਵਾਰ ਫ਼ਰਾਂਸ ਦਾ ਪ੍ਰਤੀਨਿਧਤਾ ਕੀਤਾ ਸੀ। ਉਸਨੇ ਨਾਇਸ ਕਲੱਬ ਲਈ ਸਭ ਤੋਂ ਵੱਧ 140 ਮੈਚ ਖੇਡੇ। ਕਲੱਬ ਨੇ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ 19 ਸਤੰਬਰ ਨੂੰ ਉਹ ਮੋਨਾਕੋ ਦੇ ਵਿਰੁੱਧ ਆਪਣੇ ਮੈਚ ਤੋਂ ਪਹਿਲਾਂ ਜੀਨ-ਪੀਅਰੇ ਐਡਮਜ਼ ਨੂੰ ਯਾਦ ਰੱਖੇਗਾ।









