ਸੁਖਬੀਰ ਦੀਆਂ ਗੱਪਾਂ ਨੂੰ ਚੰਗੀ ਤਰਾਂ ਸਮਝਦੇ ਹਨ ਪੰਜਾਬ ਦੇ ਲੋਕ : ਅਮਨ ਅਰੋੜਾ

ਕਿਹਾ, ਕਿਸ ਮੂੰਹ ਨਾਲ ਚਾਰਜ਼ਸੀਟ ਦਾ ਡਰਾਮਾ ਕਰ ਰਹੇ ਹਨ ਦਸ ਨੰਬਰੀਏ?

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਅਰੰਭੇ ‘ਗੱਲ ਪੰਜਾਬ ਦੀ’ ਪ੍ਰੋਗਰਾਮ ਨੂੰ ‘ਗੱਪ ਪੰਜਾਬ ਦੀ’ ਕਰਾਰ ਦਿੰਦੇ ਹੋਏ ਕਿਹਾ ਕਿ ਪੰਜਾਬ ਦੇ ਲੋਕ ਸੁਖਬੀਰ ਸਿੰਘ ਬਾਦਲ ਦੀਆਂ ਗੱਪਾਂ ਨੂੰ ਚੰਗੀ ਤਰਾਂ ਸਮਝਦੇ ਹਨ ਅਤੇ 2022 ਦੀਆਂ ਚੋਣਾ ਦੌਰਾਨ ਇਸ ਮਾਫ਼ੀਆ ਸਰਗਨੇ ਦੀਆਂ ਗੱਪਾਂ ਦਾ ਸ਼ਿਕਾਰ ਨਹੀਂ ਹੋਣਗੇ, ਉਲਟਾ ਸੁਖਬੀਰ ਸਿੰਘ ਬਾਦਲ ਐਂਡ ਕੰਪਨੀ ਕੋਲੋਂ ਉਨਾਂ ਦੇ 10 ਸਾਲਾਂ ਮਾਫੀਆ ਰਾਜ ਦਾ ਹਿਸਾਬ ਜ਼ਰੂਰ ਮੰਗਣਗੇ। ਵੀਰਵਾਰ ਨੂੰ ਪਾਰਟੀ ਦਫ਼ਤਰ ‘ਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੇਸ਼ 13 ਨੁਕਾਤੀ ਪ੍ਰੋਗਰਾਮ ਨੂੰ ਗੱਪਾਂ ਦਾ ਪੁਲੰਦਾ ਦੱਸਦੇ ਹੋਏ ਕਿਹਾ ਸੁਖਬੀਰ ਬਾਦਲ ਨੂੰ ਪਹਿਲਾਂ ਜਨਤਾ ਦੇ ਇਹਨਾਂ 14 ਸਵਾਲਾਂ ਦਾ ਜਵਾਬ ਜ਼ਰੂਰ ਦੇਣਾ ਪਵੇਗਾ। ਇਹ ਸਵਾਲ ਆਮ ਆਦਮੀ ਪਾਰਟੀ ਨਹੀਂ ਬਲਕਿ ਪੰਜਾਬ ਅਤੇ ਪੰਜਾਬੀਆਂ ਦੀ ਹੋਂਦ ਅਤੇ ਭਵਿੱਖ ਨਾਲ ਜੁੜੇ ਹੋਏ ਸਵਾਲ ਹਨ।

ਖੇਤੀਬਾੜੀ:- ਖੇਤੀ ਵਿਰੋਧੀ ਕਾਨੂੰਨਾਂ ਅਤੇ ਕਿਸਾਨਾਂ ਦੇ ਮੁੱਦੇ ‘ਤੇ ਕੀ ਸੁਖਬੀਰ ਬਾਦਲ ਦੱਸਣਗੇ ਕਿ ਬਤੌਰ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਾਲੇ ਕਾਨੂੰਨਾਂ ਦੇ ਆਰਡੀਨੈਂਸ ‘ਤੇ ਦਸਤਖ਼ਤ ਕਿਉਂ ਕੀਤੇ? ਕੀ ਤੁਸੀਂ ਦੱਸੋਗੇ ਕਿ ਤੁਹਾਡੇ ਰਾਜ ‘ਚ ਕਿੰਨੇ ਕਿਸਾਨਾਂ-ਮਜ਼ਦੂਰਾਂ ਨੇ ਆਤਮ ਹੱਤਿਆ ਕੀਤੀ ਅਤੇ ਤੁਹਾਡੀ (ਅਕਾਲੀ- ਭਾਜਪਾ) ਸਰਕਾਰ ਨੇ ਕਿਸੇ ਵੀ ਪੀੜਤ ਪਰਿਵਾਰ ਦੀ ਬਾਂਹ ਕਿਉਂ ਨਹੀਂ ਫੜੀ?

ਮਹਿੰਗੀ ਬਿਜਲੀ:- ਕੀ ਬਾਦਲ ਦੱਸਣਗੇ ਕਿ ਸਰਕਾਰੀ ਥਰਮਲ ਪਲਾਟਾਂ ਦੀ ਬਲੀ ਲੈ ਕੇ ਮਾਰੂ ਸਮਝੌਤਿਆਂ ਰਾਹੀਂ ਪੰਜਾਬ ‘ਚ ਲਿਆਂਦੀਆਂ ਪ੍ਰਾਈਵੇਟ ਬਿਜਲੀ ਕੰਪਨੀਆਂ ਕੋਲੋਂ ਕਿੰਨੀ ਦਲਾਲੀ ਖਾਧੀ? ਜਿਸ ਕਾਰਨ ਸੂਬਾ 80 ਹਜ਼ਾਰ ਕਰੋੜ ਦੇ ਹੋਰ ਵਾਧੂ ਬੋਝ ਥੱਲੇ ਦੱਬ ਗਿਆ ਅਤੇ ਲੋਕ ਬੇਹੱਦ ਮਹਿੰਗੀ ਬਿਜਲੀ ਖ਼ਰੀਦਣ ਦੇ ਬਾਵਜੂਦ ਗਰਮੀਆਂ ‘ਚ ਬਿਜਲੀ ਕਿੱਲਤ ਨਾਲ ਕਿਉਂ ਜੂਝਦੇ ਹਨ?

ਬੇਰੁਜ਼ਗਾਰੀ:- ਕੀ ਬਾਦਲ ਦੱਸਣਗੇ ਕਿ ਬੇਰੁਜ਼ਗਾਰੀ ਖ਼ਤਮ ਕਰਨ ਲਈ ਉਨਾਂ ਕੀ ਕੀਤਾ? 10 ਸਾਲਾਂ ਦੇ ਰਾਜ ਦੌਰਾਨ 19 ਹਜ਼ਾਰ ਉਦਯੋਗਿਕ ਇਕਾਈਆਂ ਬੰਦ ਹੋ ਗਈਆਂ ਜਾਂ ਦੂਜੇ ਰਾਜਾਂ ਨੂੰ ਚਲੀਆਂ ਗਈਆਂ। ਹਰਸਿਮਰਤ ਕੌਰ ਬਾਦਲ ਨੇ ਫੂਡ ਪ੍ਰੋਸੈਸਿੰਗ ਮੰਤਰੀ ਹੋਣ ਦੇ ਬਾਵਜੂਦ ਕੋਈ ਉਦਯੋਗ ਪੰਜਾਬ ਨਹੀਂ ਲਿਆਂਦਾ। ਸਰਕਾਰੀ ਅਤੇ ਗੈਰ- ਸਰਕਾਰੀ ਖੇਤਰ ‘ਚ ਰੁਜ਼ਗਾਰ (ਨੌਕਰੀਆਂ) ਨੂੰ ਉਤਸ਼ਾਹਿਤ ਕਿਉਂ ਨਹੀਂ ਕੀਤਾ?

ਮਾਫੀਆ:- ਪੰਜਾਬ ‘ਚ ਖੁਦ ਰੇਤ, ਸ਼ਰਾਬ, ਟਰਾਂਸਪੋਰਟ, ਕੇਬਲ, ਲੈਂਡ ਅਤੇ ਹੋਰ ਮਾਫ਼ੀਆ ਦੇ ਬਾਨੀ ਸੁਖਬੀਰ ਸਿੰਘ ਬਾਦਲ ਜਦ ‘ਮਾਫੀਆ’ ਨੂੰ ਖ਼ਤਮ ਕਰਨ ਦੀ ਗੱਲ ਕਰਦੇ ਹਨ ਤਾਂ ਲੋਕਾਂ ਦੇ ਕੰਨ ਹੱਸਦੇ ਹਨ। ਕੀ ਬਾਦਲ ਲੋਕਾਂ ਨੂੰ ਬੇਵਕੂਫ਼ ਸਮਝਦੇ ਹਨ?

ਬੇਅਦਬੀ:- ਕੀ ਬਾਦਲ ਦੱਸਦਗੇ ਕਿ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਕਿਸ ਦੀ ਸਰਕਾਰ ‘ਚ ਹੋਈ? ਬਹਿਬਲ ਕਲਾਂ ‘ਚ ਸ਼ਾਂਤੀ ਪੂਰਵਕ ਰੋਸ ਪ੍ਰਗਟਾ ਰਹੀ ਸੰਗਤ ਉਤੇ ਗੋਲੀਆਂ ਚਲਾਉਣ ਦੇ ਹੁਕਮ ਦੇਣ ਵਾਲਾ ਕੌਣ ਸੀ? ਪੰਥ ਦੇ ਨਾਂ ‘ਤੇ ਸਿਆਸੀ ਰੋਟੀਆਂ ਸੇਕ-ਸੇਕ ਪੰਥਕ ਕਦਰਾਂ ਕੀਮਤਾਂ ਅਤੇ ਸੰਸਥਾਵਾਂ ਦੇ ਨਿਘਾਰ ਲਈ ਕਿਹੜਾ ਪਰਿਵਾਰ ਜ਼ਿੰਮੇਵਾਰ ਹੈ?

ਮਾਤਾ ਖੀਵੀ ਯੋਜਨਾ:- ਇਸ ਤਹਿਤ ਔਰਤਾਂ ਨੂੰ 2000 ਰੁਪਏ ਪ੍ਰਤੀ ਮਹੀਨਾਂ ਭੱਤਾ ਦੇਣ ਦੀਆਂ ਵੱਡੀਆਂ-ਵੱਡੀਆਂ ਗੱਪਾਂ ਮਾਰਨ ਵਾਲੇ ਬਾਦਲ ਦੱਸਣਗੇ ਕਿ ਪੈਸਾ ਕਿੱਥੋਂ ਆਵੇਗਾ? ਇਹ ਵੀ ਦੱਸਣਗੇ ਕਿ ਉਨਾਂ ਦੇ ਰਾਜ ਵੇਲੇ ਕਿਸ ਨੂੰ 500 ਰੁਪਏ ਮਹੀਨਾ ਪੈਨਸ਼ਨਾਂ ਵੀ ਕਦੇ ਸਮੇਂ ਸਿਰ ਕਿਉਂ ਨਹੀਂ ਦਿੱਤੀ ਗਈ?

ਵਿੱਤੀ ਸੰਕਟ:- ਕੀ ਬਾਦਲ ਦੱਸਣਗੇ ਕਿ ਉਨਾਂ ਦੇ 15 ਸਾਲਾਂ ਦੇ ਰਾਜ ‘ਚ ਪੰਜਾਬ ਅਤੇ ਪੰਜਾਬੀਆਂ ਸਿਰ ਕੁੱਲ ਕਿੰਨਾਂ ਕਰਜ਼ ਚੜਿਆ । 51 ਹਜ਼ਾਰ ਕਰੋੜ ਤੋਂ 1 ਲੱਖ 92 ਹਜ਼ਾਰ ਕਰੋੜ ਕਰਜ਼ੇ ਲਈ ਕੌਣ ਜ਼ਿੰਮੇਵਾਰ ਹੈ?

ਸਿਹਤ ਅਤੇ ਸਿੱਖਿਆ:- ਆਪਣੇ ਰਾਜ ‘ਚ ਸਾਜਿਸ਼ ਤਹਿਤ ਸਰਕਾਰੀ ਸਿਹਤ ਅਤੇ ਸਿੱਖਿਆ ਢਾਂਚੇ ਨੂੰ ਤਬਾਹ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਕਿਸ ਮੂੰਹ ਨਾਲ ਕੇਜਰੀਵਾਲ ਸਰਕਾਰ ਦੇ ਦਿੱਲੀ ਮਾਡਲ ‘ਤੇ ਉਂਗਲ ਚੁੱਕ ਰਹੇ ਹਨ? ਜਦਕਿ ਸਿਹਤ ਅਤੇ ਸਿੱਖਿਆ ਸਹੂਲਤਾਂ ਲਈ ਕੇਜਰੀਵਾਲ ਸਰਕਾਰ ਦੁਨੀਆਂ ਭਰ ‘ਚ ਵਾਹ-ਵਾਹ ਖੱਟ ਰਹੀ ਹੈ?

ਨਸ਼ਾ:- ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੇ ਜਾਲ ‘ਚ ਧੱਕਣ ਵਾਲੇ ਬਾਦਲ ਕੀ ਨਸ਼ਿਆਂ ਦੇ ਮੁੱਦੇ ‘ਤੇ ਬੋਲਣ ਦਾ ਹੱਕ ਰੱਖਦੇ ਹਨ? ਹਰ ਕੋਈ ਚਾਣਦਾ ਹੈ ਕਿ ਨਸ਼ਾ ਮਾਫ਼ੀਆ ਦਾ ਸਰਗਣਾ ਕੌਣ ਹੈ?

ਦਿੱਲੀ ਮਾਡਲ:- ਕੀ ਸੁਖਬੀਰ ਬਾਦਲ ਆਪਣੀ 10 ਸਾਲਾ ਸਰਕਾਰ ਦਾ ਰਿਪੋਰਟ ਕਾਰਡ ਲੈ ਕੇ 2022 ‘ਚ ਲੋਕਾਂ ਤੋਂ ਵੋਟਾਂ ਮੰਗਣਗੇ, ਜਿਵੇਂ 2019 ‘ਚ ਕੇਜਰੀਵਾਲ ਨੇ ਆਪਣੇ 5 ਸਾਲਾ ਰਿਪੋਰਟ ਕਾਰਡ (ਕਾਰਗੁਜਾਰੀ) ਦੇ ਬਲਬੂਤੇ ਮੰਗੀਆਂ ਸਨ ਅਤੇ ਤੀਜੀ ਵਾਰ ਜਿੱਤ ਹਾਸਲ ਕੀਤੀ ਸੀ?

ਵਿਦੇਸ਼ੀ ਪਰਵਾਸ :- ਕੀ ਕੋਈ ਚੰਗਾ ਸਿਆਣਾ ਸ਼ਾਸਕ ਆਪਣੇ ਰਾਜ ‘ਚੋਂ ਨੌਜਵਾਨਾਂ ਅਤੇ ਪੜੀ- ਲਿਖੀ ਪਨੀਰੀ ਨੂੰ ਬਾਹਰ ਭੇਜਣ ਦੀ ਯੋਜਨਾ ਬਣਾਉਦਾ ਹੈ? ਆਈਲੈਟਸ ਉਪਰੰਤ ਬਿਨਾਂ ਵਿਆਜ ਕਰਜ਼ੇ ਦੀ ਯੋਜਨਾ ਬਾਦਲਾਂ ਦੇ ਦਿਮਾਗੀ ਦੀਵਾਲੀਆਪਣ ਦਾ ਸਿਖਰ ਹੈ। ਪੰਜਾਬ ‘ਚ ਹੀ ਨੌਜਵਾਨਾਂ ਨੂੰ ਬੇਹਤਰ ਰੁਜ਼ਗਾਰ ਦੇ ਮੌਕੇ ਕਿਉਂ ਨਹੀਂ ਦਿੱਤੇ ਜਾ ਸਕਦੇ?

33 ਫ਼ੀਸਦੀ ਰਾਖਵਾਂਕਰਨ:- ਕੀ ਬਾਦਲ ਦੱਸਣਗੇ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੈਡੀਕਲ ਅਤੇ ਪ੍ਰੋਫੈਸ਼ਨਲ ਕਾਲਜਾਂ ‘ਚ ਦਾਖਲੇ ਲਈ 33 ਫ਼ੀਸਦ ਰਾਖਵਾਂਕਰਨ ਵਾਲੀ ਗੱਲ ਵੀ ‘ਮੂਰਖਾਨਾ ਗੱਪ’ ਨਹੀਂ ਹੈ? ਕਿਉਂਕਿ ਅਜਿਹੀਆਂ ਸੰਸਥਾਵਾਂ ‘ਚ ਦਾਖਲੇ ਲਈ ਨੀਟ, ਕਲਾਟ ਅਤੇ ਜੇਈਈ ਮੇਨ ਪ੍ਰੀਖਿਆਵਾਂ ਰਾਸ਼ਟਰੀ ਪੱਧਰ ‘ਤੇ ਲਈਆਂ ਜਾਂਦੀਆਂ ਹਨ।

ਪੰਜਾਬੀ ਨੌਜਵਾਨ ਰਾਖਵਾਂਕਰਨ:- ਨੌਜਵਾਨਾਂ ਨੂੰ ਪ੍ਰਾਈਵੇਟ ਖੇਤਰ ‘ਚ 75 ਫ਼ੀਸਦੀ ਰਾਖਵਾਂਕਰਨ ਦੀ ਗੱਪ ਮਾਰਨ ਵਾਲੇ ਸੁਖਬੀਰ ਬਾਦਲ ਦੱਸਣਗੇ ਕਿ ਆਪਣੇ ਸੁਖਵਿਲਾ ਹੋਟਲ ਸਮੇਤ ਬਾਕੀ ਕਾਰੋਬਾਰਾਂ ‘ਚ 75 ਫ਼ੀਸਦੀ ਪੰਜਾਬੀਆਂ ਨੂੰ ਰੁਜ਼ਗਾਰ ਕਿਉਂ ਨਹੀਂ ਦਿੱਤਾ?

ਐਸ.ਵਾਈ.ਐਲ:- ਸਤਲੁਜ – ਯਮਨਾ ਲਿੰਕ ਨਹਿਰ ਦੇ ਮੁੱਦੇ ‘ਤੇ ‘ਆਪ’ ਨੂੰ ਨਿਸ਼ਾਨਾਂ ਬਣਾਉਣ ਵਾਲੇ ਬਾਦਲ ਦੱਸਣਗੇ ਕਿ 1978 ‘ਚ ਇਸ ਦੇ ਕੰਡੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਕਿਉਂ ਬੀਜੇ ਸਨ? ਐਸ.ਵਾਈ.ਐਲ ‘ਤੇ ‘ਆਪ’ ਦਾ ਸਟੈਂਡ ਦੁਹਰਾਉਂਦੇ ਹੋਏ ਅਰੋੜਾ ਨੇ ਕਿਹਾ ਕਿ ਪੰਜਾਬ ਕੋਲ ਨਾ ਇੱਕ ਬੂੰਦ ਵਾਧੂ ਪਾਣੀ ਸੀ, ਨਾ ਹੈ ਅਤੇ ਨਾ ਹੀ ਹੋਵੇਗਾ। ‘ਆਪ’ ਰਾਜਸਥਾਨ ਸਮੇਤ ਦੂਜੇ ਰਾਜਾਂ ਨੂੰ ਜਾਂਦੇ ਪਾਣੀ ਦੀ ਰਿਆਲ਼ਟੀ (ਕੀਮਤ) ਵਸੂਲਣ ਦੀ ਵਕਾਲਤ ਕਰਦੀ ਹੈ।

LEAVE A REPLY

Please enter your comment!
Please enter your name here