ਲੁਧਿਆਣਾ ‘ਚ ਲੱਗਿਆ ਅਕਾਲੀ ਦਲ ਨੂੰ ਝਟਕਾ

ਹਰਪਾਲ ਸਿੰਘ ਚੀਮਾ ਅਤੇ ਪ੍ਰਿੰਸੀਪਲ ਬੁੱਧਰਾਮ ਨੇ ਕੀਤਾ ਸਵਾਗਤ

ਚੰਡੀਗੜ੍ਹ : ਆਮ ਆਦਮੀ ਪਾਰਟੀ ਨੂੰ ਅੱਜ ਉਸ ਸਮੇਂ ਵੱਡੀ ਮਜ਼ਬੂਤੀ ਮਿਲੀ ਜਦੋਂ ਆਜ਼ਾਦੀ ਘੁਲਾਟੀਏ ਅਤੇ ਸਾਬਕਾ ਵਿਧਾਇਕ ਦੇ ਪੁੱਤਰ ਸਮੇਤ ਕੈਨੇਡਾ ਦੇ ਐਨ.ਆਰ.ਆਈ ਅਤੇ ਲੁਧਿਆਣਾ ਦੇ ਉਘੇ ਕਾਰੋਬਾਰੀ ਆਪਣੇ ਸੈਂਕੜੇ ਸਾਥੀਆਂ ਨਾਲ ਆਪ ਵਿੱਚ ਸ਼ਾਮਲ ਹੋ ਗਏ। ਪਾਰਟੀ ਦੇ ਚੰਡੀਗੜ ਸਥਿਤ ਮੁੱਖ ਦਫ਼ਤਰ ਵਿੱਚ ਪਾਰਟੀ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕ ਪ੍ਰਿੰਸਪੀਲ ਬੁੱਧਰਾਮ ਅਤੇ ਪਾਰਟੀ ਦੇ ਸੂਬਾਈ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਵੱਖ ਵੱਖ ਖੇਤਰਾਂ ਨਾਲ ਸੰਬੰਧਿਤ ਦਰਜਨਾਂ ਸਖਸ਼ੀਅਤਾਂ ਦਾ ਪਾਰਟੀ ਵਿੱਚ ਰਸਮੀ ਤੌਰ ‘ਤੇ ਸਵਾਗਤ ਕੀਤਾ।

ਇਸ ਸਮੇਂ ਹਰਪਾਲ ਸਿੰਘ ਚੀਮਾ ਨੇ ਆਗੂਆਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਲੋਕ ਹਿਤੈਸ਼ੀ ਨੀਤੀਆਂ ਅਤੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਹਰ ਵਰਗ ਦੇ ਲੋਕ ਆਪ ਵਿੱਚ ਸ਼ਾਮਲ ਹੋ ਰਹੇ ਹਨ। ਚੀਮਾ ਨੇ ਆਜ਼ਾਦੀ ਘੁਲਾਟੀਏ ਅਤੇ ਦੋ ਵਾਰ ਵਿਧਾਇਕ ਰਹੇ ਜੋਗਿੰਦਰ ਸਿੰਘ ਰੰਧਾਵਾ ਦੇ ਪੁੱਤਰ ਪਰਸ਼ੋਤਮ ਸਿੰਘ ਰੰਧਾਵਾ ਦਾ ਸਵਾਗਤ ਕਰਦਿਆਂ ਕਿਹਾ ਉਨਾਂ ਦੇ ਆਉਣ ਨਾਲ ਆਮ ਆਦਮੀ ਪਾਰਟੀ ਨੂੰ ਮਾਝਾ ਖੇਤਰ ਵਿੱਚ ਹੋਰ ਮਜ਼ਬੂਤੀ ਮਿਲੀ ਹੈ। ਉਨਾਂ ਦੱਸਿਆ ਕਿ ਅਕਾਲੀ ਦਲ ਦੇ ਜ਼ਿਲਾ ਲੁਧਿਆਣਾ ਦੇ ਉਪ ਪ੍ਰਧਾਨ ਕੇਸ਼ਵ ਵਰਮਾ ਨੇ ਆਪਣੇ ਸੈਂਕੜੇ ਸਾਥੀਆਂ ਨਾਲ ਆਪ ਵਿੱਚ ਸ਼ਮੂਲੀਅਤ ਕੀਤੀ ਹੈ, ਜਿਸ ਨਾਲ ਲੁਧਿਆਣਾ ਜ਼ਿਲੇ ਅਕਾਲੀ ਦਲ ਸਫਾਇਆ ਹੋ ਗਿਆ ਹੈ। ਇਸੇ ਤਰਾਂ ਫ਼ਤਿਹਗੜ ਸਾਹਿਬ ਦੇ ਜੰਮਪਲ ਅਤੇ ਐਨ.ਆਰ.ਆਈ ਮਗਨਮੀਤ ਸਿੰਘ ਸਰਾਓ ਨੇ ਆਮ ਆਦਮੀ ਪਾਰਟੀ ਨਾਲ ਜੁੜਨ ਦਾ ਐਲਾਨ ਕੀਤਾ ਹੈ। ਇਸ ਸਮੇਂ ਪਰਸ਼ੋਤਮ ਸਿੰਘ ਰੰਧਾਵਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਅਜਿਹੀ ਰਾਜਨੀਤਿਕ ਪਾਰਟੀ ਦਿੱਤੀ ਹੈ ਜਿਹੜੀ ਕੇਵਲ ਕੰਮ ਦੇ ਨਾਂਅ ‘ਤੇ ਵੋਟਾਂ ਦੀ ਮੰਗਦੀ ਹੈ, ਨਾ ਕਿ ਧਰਮ ਅਤੇ ਜਾਤ ਦੇ ਨਾਂਅ ‘ਤੇ। ਆਪ ਵਿੱਚ ਸ਼ਾਮਲ ਹੋਏ ਆਗੂਆਂ ਨੇ ਕਿਹਾ ਕਿ ਪਾਰਟੀ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ।

LEAVE A REPLY

Please enter your comment!
Please enter your name here