ਨੇਪਾਲੀ ਕਾਂਗਰਸ ਦੇ ਪ੍ਰਧਾਨ ਸ਼ੇਰ ਬਹਾਦੁਰ ਦੇਉਬਾ 5ਵੀਂ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ। ਮੀਡੀਆ ਵਿਚ ਆਈਆਂ ਖ਼ਬਰਾਂ ਵਿਚ ਇਹ ਜਾਣਕਾਰੀ ਦਿੱਤੀ ਗਈ। ਖ਼ਬਰਾਂ ਅਨੁਸਾਰ ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਨੇ ਸੰਵਿਧਾਨ ਦੀ ਧਾਰਾ 76(5) ਦੇ ਤਹਿਤ ਉਹਨਾਂ ਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ।
ਇਹ ਪੰਜਵੀਂ ਵਾਰ ਹੈ ਜਦੋਂ ਦੇਉਬਾ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਦੇ ਤੌਰ ‘ਤੇ ਸੱਤਾ ਵਿਚ ਵਾਪਸੀ ਕੀਤੀ ਹੈ। ਉਹਨਾਂ ਦੀ ਨਿਯੁਕਤੀ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਫ਼ੈਸਲੇ ਅਨੁਸਾਰ ਹੋਈ ਹੈ ਜਿਸ ਨੇ ਕੇਪੀ ਸ਼ਰਮਾ ਓਲੀ ਨੂੰ ਹਟਾਉਂਦੇ ਹੋਏ ਪ੍ਰਧਾਨ ਮੰਤਰੀ ਅਹੁਦੇ ਲਈ ਉਹਨਾਂ ਦੇ ਦਾਅਵੇ ‘ਤੇ ਮੋਹਰ ਲਗਾਈ ਸੀ।
ਖ਼ਬਰਾਂ ਅਨਾਸਾਰ ਰਾਸ਼ਟਰਪਤੀ ਦਫਤਰ ਨੇ ਦੇਉਬਾ ਨੂੰ ਉਹਨਾਂ ਦੀ ਨਿਯੁਕਤੀ ਦੇ ਬਾਰੇ ਸੂਚਿਤ ਕੀਤਾ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਪਾਇਆ ਹੈ ਕਿ ਸਹੁੰ ਚੁੱਕ ਸਮਾਗਮ ਕਦੋਂ ਹੋਵੇਗਾ ਕਿਉਂਕਿ ਇਸ ਲਈ ਤਿਆਰੀਆਂ ਚੱਲ ਰਹੀਆਂ ਹਨ। ਇਸ ਤੋਂ ਪਹਿਲਾਂ ਦੇਉਬਾ ਚਾਰ ਵਾਰ- ਜਿਹਨਾਂ ਵਿਚੋਂ ਪਹਿਲੀ ਵਾਰ ਸਤੰਬਰ 1995 ਤੋਂ ਮਾਰਚ 1997 ਤੱਕ, ਦੂਜੀ ਵਾਰ ਜੁਲਾਈ 2001 ਤੋਂ ਅਕਤੂਬਰ 2002 ਤੱਕ, ਤੀਜੀ ਵਾਰ ਜੂਨ 2004 ਤੋਂ ਫਰਵਰੀ 2005 ਤੱਕ ਅਤੇ ਚੌਥੀ ਵਾਰ ਜੂਨ 2017 ਤੋਂ ਫਰਵਰੀ 2018 ਤੱਕ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ।
ਸੰਵਿਧਾਨਕ ਵਿਵਸਥਾ ਦੇ ਅਨੁਸਾਰ ਪ੍ਰਧਾਨ ਮੰਤਰੀ ਦੇ ਤੌਰ ‘ਤੇ ਨਿਯੁਕਤੀ ਮਗਰੋ ਦੇਉਬਾ ਨੂੰ 30 ਦਿਨਾਂ ਦੇ ਅੰਦਰ ਸਦਨ ਵਿਚ ਵਿਸ਼ਵਾਸ ਵੋਟ ਹਾਸਲ ਕਰਨਾ ਹੋਵੇਗਾ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਓਲੀ ਦੇ 21 ਮਈ ਦੇ ਸੰਸਦ ਦੀ ਪ੍ਰਤੀਨਿਧੀ ਸਭਾ ਨੂੰ ਭੰਗ ਕਰਨ ਦੇ ਫ਼ੈਸਲੇ ਨੂੰ ਰੱਦ ਕਰ ਦਿੱਤਾ ਸੀ ਅਤੇ ਦੇਉਬਾ ਨੂੰ ਪ੍ਰਧਾਨ ਮੰਤਰੀ ਨਿਯੁਕਤ ਕਰਨ ਦਾ ਆਦੇਸ਼ ਦਿੱਤਾ ਸੀ।