ਮਨੀ ਲਾਂਡਰਿੰਗ ਮਾਮਲੇ ‘ਚ ਕਈ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਨਵਾਬ ਮਲਿਕ ਨੂੰ ਦੁਪਹਿਰੇ ED ਨੇ ਗ੍ਰਿਫਤਾਰ ਕਰ ਲਿਆ। ਇਸ ਤੋਂ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਸਵੇਰੇ ਐੱਨਸੀਪੀ ਨੇਤਾ ਤੇ ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਦੀ ਰਿਹਾਇਸ਼ ਪਹੁੰਚੀ ਸੀ ਤੇ ਉਨ੍ਹਾਂ ਨੂੰ ਆਪਣੇ ਨਾਲ ED ਦੇ ਦਫਤਰ ਲੈ ਗਈ। ਨਵਾਬ ਮਲਿਕ ਤੋਂ ਪੁੱਛਗਿੱਛ ਉੱਤੇ ਮਹਾਰਾਸ਼ਟਰ ਸਰਕਾਰ ਨੇ ਇਤਰਾਜ਼ ਜਤਾਇਆ ਹੈ ਤੇ ਕੇਂਦਰ ਸਰਕਾਰ ਨੂੰ ਨਿਸ਼ਾਨੇ ਉੱਤੇ ਲਿਆ ਹੈ। ਸ਼ਿਵਸੈਨਾ ਨੇਤਾ ਸੰਜੇ ਰਾਊਤ, ਐੱਨਸੀਪੀ ਨੇਤਾ ਸੁਪ੍ਰਿਆ ਸੁਲੇ ਦਾ ਵੀ ਬਿਆਨ ਆਇਆ ਹੈ। ਉੱਥੇ ਹੀ ਨਵਾਬ ਮਲਿਕ ਨੇ ਟਵਿੱਟਰ ਉੱਤੇ ਲਿਖਿਆ ਹੈ, ‘ਨਾ ਡਰਾਂਗੇ ਨਾ ਝੁਕਾਂਗੇ। 2024 ਲਈ ਤਿਆਰ ਰਹੋ।’
NCP ਨੇਤਾ ਸੁਪ੍ਰਿਆ ਸੁਲੇ ਨੇ ਕਿਹਾ ਕਿ ਨਵਾਬ ਮਲਿਕ ਦੇ ਘਰ ਈਡੀ ਦੇ ਲੋਕ ਆਏ ਸਨ। ਬਹੁਤ ਦਿਨਾਂ ਤੋਂ ਭਾਜਪਾ ਦੇ ਵਰਕਰ ਤੇ ਬੁਲਾਰੇ ਟਵੀਟ ਕਰ ਰਹੇ ਸਨ ਕਿ ਨਵਾਬ ਮਲਿਕ ਤੇ ਮਹਾਵਿਕਾਸ ਅਘਾੜੀ ਦੇ ਖਿਲਾਫ ਈਡੀ ਦਾ ਨੋਟਿਸ ਆਏਗਾ। ਅੱਜ ਉਹ ਹੋ ਗਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਮਹਾਵਿਕਾਸ ਅਘਾੜੀ ਦੇ ਖਿਲਾਫ ਭਾਜਪਾ ਜੋ ਸਾਜ਼ਿਸ਼ ਕਰ ਰਹੀ ਸੀ ਉਸ ਨੂੰ ਅੱਜ ਪੂਰਾ ਮਹਾਰਾਸ਼ਟਰ ਦੇਖ ਰਿਹਾ ਹੈ। ਕੋਈ ਨੋਟਿਸ ਨਹੀਂ ਆਇਆ। ਮਹਾਰਾਸ਼ਟਰ ਦੇ ਇਕ ਮੰਤਰੀ ਨੂੰ ਸਿੱਧਾ ਈਡੀ ਆਪਣੇ ਦਫਤਰ ਲੈ ਗਈ। ਇਨ੍ਹਾਂ ਨੇ ਕਿਹੜੀ ਸਿਆਸਤ ਸ਼ੁਰੂ ਕਰ ਦਿੱਤੀ ਹੈ। ਅਜਿਹਾ ਮੈਂ ਪਹਿਲੀ ਵਾਰ ਦੇਖਿਆ ਹੈ।
ਓਥੇ ਹੀ ਸ਼ਿਵਸੈਨਾ ਨੇਤਾ ਸੰਜੇ ਰਾਊਤ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਵਿਚ ਮੰਤਰੀ ਨਵਾਬ ਮਲਿਕ ਨੂੰ ਜਿਸ ਤਰ੍ਹਾਂ ਈਡੀ ਦੇ ਲੋਕ ਉਨ੍ਹਾਂ ਦੇ ਘਰੋਂ ਲੈ ਗਏ ਹਨ, ਇਹ ਮਹਾਰਾਸ਼ਟਰ ਸਰਕਾਰ ਦੇ ਲਈ ਚੁਣੌਤੀ ਹੈ। ਪੁਰਾਣੇ ਮਾਮਲਿਆਂ ਨੂੰ ਕੱਢ ਕੇ ਸਾਰਿਆਂ ਦੀ ਜਾਂਚ ਹੋ ਰਹੀ ਹੈ। ਤੁਸੀਂ ਜਾਂਚ ਕਰ ਸਕਦੇ ਹੋ। 2024 ਦੇ ਬਾਅਦ ਤੁਹਾਡੀ ਵੀ ਜਾਂਚ ਹੋਵੇਗੀ। ਰਾਊਤ ਨੇ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਮੈਂ ਸਾਰੇ ਮਾਮਲਿਆਂ ਦਾ ਖੁਲਾਸਾ ਕਰਨ ਜਾ ਰਿਹਾ ਹਾਂ। ਇਸ ਦੇ ਲਈ ਮੈਨੂੰ ਕਿੰਨੀ ਵੀ ਵੱਡੀ ਕੀਮਤ ਕਿਉਂ ਨਾ ਚੁਕਾਉਣੀ ਪਵੇ। ਮੈਂ ਇਕ-ਇਕ ਅਧਿਕਾਰੀ ਨੂੰ ਐਕਸਪੋਜ਼ ਕਰਾਂਗਾ।