ਜੇਕਰ ਤੁਸੀਂ ਆਪਣੀ ਡਾਈਟ ’ਚੋਂ ਕਾਰਬੋਹਾਈਡ੍ਰੇਟਸ ਯਾਨੀ ਕਾਰਬਜ਼ ਨੂੰ ਘਟਾਉਣਾ ਤੇ ਪ੍ਰੋਟੀਨ ਦੀ ਮਾਤਰਾ ਵਧਾਉਣੀ ਚਾਹੁੰਦੇ ਹੋ ਤਾਂ ਤੁਹਾਨੂੰ ਫਲੀਆਂ ਖਾਣੀਆਂ ਚਾਹੀਦੀਆਂ ਹਨ। ਲੋ-ਕਾਰਬ ਡਾਈਟ ਨੂੰ ਸਿਹਤ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ। ਇਸ ਦਾ ਕਾਰਨ ਇਹ ਹੈ ਕਿ ਜਦੋਂ ਤੁਸੀਂ ਕਾਰਬਜ਼ ਦਾ ਸੇਵਨ ਘਟਾਉਂਦੇ ਹੋ ਤਾਂ ਤੁਹਾਨੂੰ ਭੁੱਖ ਘੱਟ ਲਗਦੀ ਹੈ ਅਤੇ ਤੁਹਾਡਾ ਵਜ਼ਨ ਕਾਬੂ ਹੇਠ ਰਹਿੰਦਾ ਹੈ। ਫਲੀਆਂ ਸ਼ਾਕਾਹਾਰੀ ਲੋਕਾਂ ਲਈ ਪ੍ਰੋਟੀਨ ਦਾ ਸਭ ਤੋਂ ਵਧੀਆ ਸ੍ਰੋਤ ਹਨ। ਹਾਲਾਂਕਿ ਮਾਸਾਹਾਰੀ ਖਾਣੇ ਤੋਂ ਤੁਹਾਨੂੰ ਪ੍ਰੋਟੀਨ ਤਾਂ ਮਿਲ ਜਾਂਦਾ ਹੈ ਪਰ ਵਿਗਿਆਨੀ ਦੱਸਦੇ ਹਨ ਕਿ ਬਨਸਪਤੀ ਤੋਂ ਪ੍ਰਾਪਤ ਹੋਣ ਵਾਲਾ ਪ੍ਰੋਟੀਨ ਫਾਇਦੇਮੰਦ ਹੁੰਦਾ ਹੈ। ਇਹੀ ਕਾਰਨ ਹੈ ਕਿ ਵਜ਼ਨ ਘਟਾਉਣ ਲਈ ਫਲੀਆਂ ਨੂੰ ਬਹੁਤ ਵਧੀਆ ਭੋਜਨ ਮੰਨਿਆ ਜਾਂਦਾ ਹੈ।
ਹਰੀਆਂ ਫਲੀਆਂ ’ਚ ਕਾਰਬੋਹਾਈਡ੍ਰੇਟਸ ਘਟ ਹੁੰਦੇ ਹਨ ਪਰ ਪ੍ਰੋਟੀਨ ਦੀ ਮਾਤਰਾ ਬਹੁਤ ਹੁੰਦੀ ਹੈ। ਇਸ ਦੇ ਨਾਲ ਹੀ ਇਸ ‘ਚ ਘੁਲਣਸ਼ੀਲ ਫਾਈਬਰ ਹੁੰਦਾ ਹੈ ਅਤੇ ਬਹੁਤ ਸਾਰੇ ਮਿਨਰਲਜ਼ ਜਿਵੇਂ ਆਇਰਨ, ਪੋਟਾਸ਼ੀਅਮ ਆਦਿ ਹੁੰਦੇ ਹਨ। ਇਹੀ ਕਾਰਨ ਹੈ ਕਿ ਫਲੀਆਂ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਤੇ ਕੋਲੈਸਟ੍ਰਾਲ ਦੇ ਮਰੀਜ਼ਾਂ ਲਈ ਫਾਇਦੇਮੰਦ ਹੁੰਦੀਆਂ ਹਨ। ਤੁਹਾਡੇ ਸਰੀਰ ਨੂੰ ਕਾਰਬੋਹਾਈਡ੍ਰੇਟਸ ਦੀ ਜ਼ਰੂਰਤ ਉਸ ਸਮੇਂ ਪੈਂਦੀ ਹੈ ਜਦੋਂ ਤੁਸੀਂ ਬਹੁਤ ਮਿਹਨਤ ਵਾਲਾ ਕੰਮ, ਜਿਵੇਂ – ਜਿੰਮ ’ਚ ਘੰਟਿਆਂ ਬੱਧੀ ਹਾਈ ਇੰਟੈਂਸਿਟੀ ਟ੍ਰੇਨਿੰਗ, ਖੇਡਾਂ, ਦੌੜ ਆਦਿ ’ਚ ਹਿੱਸਾ ਲੈਂਦੇ ਹੋ। ਜੇਕਰ ਤੁਸੀਂ ਆਮ ਮਿਹਨਤ ਕਰਦੇ ਹੋ ਅਤੇ ਦਫ਼ਤਰ ’ਚ ਕੰਮ ਕਰਦੇ ਹੋ ਤਾਂ ਤੁਹਾਨੂੰ ਆਪਣੀ ਡਾਈਟ ’ਚ ਕਾਰਬਜ਼ ਦੀ ਮਾਤਰਾ ਘਟ ਰੱਖਣੀ ਚਾਹੀਦੀ ਹੈ।
ਇਸ ਦਾ ਕਾਰਨ ਇਹ ਹੈ ਕਿ ਕਾਰਬਜ਼ ਕਾਰਨ ਤੁਹਾਡਾ ਵਜ਼ਨ ਵਧਦਾ ਹੈ, ਸਰੀਰ ’ਚ ਵਾਧੂ ਚਰਬੀ ਜਮ੍ਹਾਂ ਹੁੰਦੀ ਹੈ ਅਤੇ ਤੁਸੀਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋਣ ਲਗਦੇ ਹੋ। ਇਸ ਲਈ ਜੇਕਰ ਤੁਸੀਂ ਸਪੋਰਟਸਮੈਨ ਜਾਂ ਜਿੰਮ ’ਚ ਹੈਵੀ ਐਕਸਰਸਾਈਜ਼ ਕਰਨ ਵਾਲੇ ਵਿਅਕਤੀ ਨਹੀਂ ਹੋ ਤਾਂ ਆਪਣੀ ਡਾਈਟ ’ਚ ਘਟ ਹੀ ਕਾਰਬੋਹਾਈਡ੍ਰੇਟਸ ਸ਼ਾਮਲ ਕਰੋ।
ਫਲੀਆਂ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਅੱਧਾ ਕੱਪ ਕੱਟੀਆਂ ਹੋਈਆਂ ਫਲੀਆਂ ’ਚ 20 ਗ੍ਰਾਮ ਕਾਰਬੋਹਾਈਡ੍ਰੇਟ ਹੁੰਦਾ ਹੈ ਜਿਸ ਵਿਚ 9 ਗ੍ਰਾਮ ਫਾਈਬਰ ਹੁੰਦਾ ਹੈ। ਇਸ ਲਈ ਇਕ ਤਰ੍ਹਾਂ ਨਾਲ ਕਾਰਬਜ਼ ਦੀ ਮਾਤਰਾ 11 ਗ੍ਰਾਮ ਹੀ ਹੁੰਦੀ ਹੈ। ਇਹੀ ਕਾਰਨ ਹੈ ਕਿ ਫਲੀਆਂ ਨੂੰ ਲੋ-ਕਾਰਬਜ਼ ਡਾਈਟ ’ਚ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਵਿਚ ਮੌਜੂਦ ਫਾਈਬਰ ਕਾਰਨ ਫਲੀਆਂ ਨੂੰ ਪਚਾਉਣਾ ਆਸਾਨ ਹੁੰਦਾ ਹੈ। ਇਹ ਫਾਈਬਰ ਅਤੇ ਕਾਰਬੋਹਾਈਡ੍ਰੇਟਸ ਹੀ ਹਨ ਜਿਨ੍ਹਾਂ ਨੂੰ ਖਾਣ ਤੋਂ ਬਾਅਦ ਤੁਹਾਨੂੰ ਆਪਣਾ ਪੇਟ ਭਰਿਆ ਹੋਇਆ ਮਹਿਸੂਸ ਹੁੰਦਾ ਹੈ। ਇਸ ਲਈ ਜੇਕਰ ਤੁਸੀਂ ਲੋ-ਕਾਰਬ ਡਾਈਟ ਲੈ ਰਹੇ ਹੋ ਤਾਂ ਖਾਣੇ ’ਚ ਫਾਈਬਰ ਦੀ ਮਾਤਰਾ ਵਧੀਆ ਰੱਖੋ।