ਪੰਜਾਬ ਸਰਕਾਰ ਵਲੋਂ ਭਿਸ਼ਟਾਚਾਰ ਨੂੰ ਖਤਮ ਕਰਨ ਲਈ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਕਰਨ ਵਾਲਿਆਂ ਖਿਲਾਫ ਮਿਲ ਰਹੀਆਂ ਸ਼ਿਕਾਇਤਾਂ ਉਤੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਨੇ ਅਧਿਆਪਕਾਂ ਦੀਆਂ ਤਨਖਾਹਾਂ ਤੇ ਹੋਰ ਬਿੱਲ ਕਲੀਅਰ ਕਰਨ ਦੇ ਬਦਲੇ ਰਿਸ਼ਵਤ ਲੈਣ ਵਾਲੇ ਇਕ ਖਜ਼ਾਨਾ ਅਫਸਰ ਉਤੇ ਕਾਰਵਾਈ ਕਰਦੇ ਹੋਏ ਮੁਅੱਤਲ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਹੈਡਮਾਸਟਰ ਐਸੋਸੀਏਸ਼ਨ ਆਫ ਪੰਜਾਬ ਜ਼ਿਲ੍ਹਾ ਤਰਨਤਾਰਨ ਦੇ ਪ੍ਰਧਾਨ ਜਤਿੰਦਰ ਸਿੰਘ ਵੱਲੋਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਨੂੰ ਪੱਤਰ ਦਿੱਤਾ ਗਿਆ ਸੀ। ਜਿਸ ਵਿੱਚ ਉਨ੍ਹਾਂ ਸ਼ਿਕਾਇਤ ਕਰਦਿਆਂ ਖਜ਼ਾਨਾ ਅਫਸਰ ਪੱਟੀ ਦੇ ਮਨਦੀਪ ਸਿੰਘ ਉਤੇ ਦੋਸ਼ ਲਗਾਇਆ ਸੀ ਕਿ ਉਹ ਹਰ ਬਿੱਲ ਭਾਵੇਂ ਉਹ ਤਨਖਾਹ ਦਾ ਹੋਵੇ ਪੈਸੇ ਲੈ ਕੇ ਪਾਸ ਕਰਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਸਮੇਂ ਤਨਖਾਹ ਕਮਿਸ਼ਨ ਦੇ ਬਕਾਏ ਵੀ ਉਸ ਨੇ ਇਕ ਹਜ਼ਾਰ ਰੁਪਏ ਕਰਮਚਾਰੀ ਦੇ ਹਿਸਾਬ ਨਾਲ ਲੈ ਕੇ ਬਿੱਲ ਪਾਸ ਕੀਤੇ ਸਨ। ਉਹ ਉਦੋਂ ਤੱਕ ਬਿੱਲਾਂ ਉਤੇ ਟੋਕਨ ਨਹੀਂ ਲਾਉਂਦਾ ਜਦੋਂ ਤੱਕ ਉਸਨੂੰ ਪੈਸੇ ਨਹੀਂ ਮਿਲਦੇ। ਐਸੋਸੀਏਸ਼ਨ ਨੇ ਭ੍ਰਿਸ਼ਟ ਖਜ਼ਾਨਾ ਅਫਸਰ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਸਰਕਾਰ ਵੱਲੋਂ ਇਨਕੁਆਰੀ ਕਰਨ ਤੋਂ ਬਾਅਦ ਸੀਨੀਅਰ ਸਹਾਇਕ ਨੂੰ ਮੁਅੱਤਲ ਕਰ ਦਿੱਤਾ ਹੈ।
ਵਧੀਕ ਮੁੱਖ ਸਕੱਤਰ ਵਿੱਤ ਵਿਭਾਗ ਵੱਲੋਂ ਮਨਦੀਪ ਸਿੰਘ ਸੀਨੀਅਰ ਸਹਾਇਕ, ਕਾਰਜਵਾਹਕ ਖਜਾਨਾ ਅਫਸਰ ਪੱਟੀ ਜ਼ਿਲ੍ਹਾ ਤਰਨਤਾਰਨ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲੀ ਸਮੇਂ ਦੌਰਾਨ ਇਸ ਕਰਮਚਾਰੀ ਦਾ ਹੈਡਕੁਆਟਰ ਜ਼ਿਲ੍ਹਾ ਦਫ਼ਤਰ ਫਿਰੋਜ਼ਪੁਰ ਫਿਕਸ ਕੀਤਾ ਗਿਆ ਹੈ।