ਪਟਿਆਲਾ ਦੇ ਸਨੌਰੀ ਅੱਡਾ ਇਲਾਕੇ ‘ਚ ਉਸ ਸਮੇ ਹਫੜਾ-ਦਫੜੀ ਵਾਲਾ ਮਾਹੌਲ ਬਣ ਗਿਆ, ਜਦੋਂ ਉਸਾਰੀ ਅਧੀਨ ਇਮਾਰਤ ਦਾ ਲੈਂਟਰ ਅਚਾਨਕ ਡਿੱਗ ਗਿਆ। ਇਸ ਹਾਦਸੇ ਦੌਰਾਨ 6 ਦੇ ਕਰੀਬ ਮਜ਼ਦੂਰ ਲੈਂਟਰ ਹੇਠਾਂ ਦੱਬ ਗਏ। ਹਾਲਾਂਕਿ ਕਈ ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਇੱਥੇ 500 ਗਜ਼ ਦਾ ਸ਼ੋਅਰੂਮ ਤਿਆਰ ਹੋ ਰਿਹਾ ਸੀ।ਅਚਾਨਕ ਇਸ ਦਾ ਲੈਂਟਰ ਡਿੱਗ ਗਿਆ।
ਫਾਇਰ ਬ੍ਰਿਗੇਡ ਦੀ ਟੀਮ ਵਲੋਂ ਮੌਕੇ ‘ਤੇ ਪਹੁੰਚ ਕੇ ਰਾਹਤ ਕਾਰਜ ਦਾ ਕੰਮ ਕੀਤਾ ਗਿਆ। ਇਸ ਦੌਰਾਨ ਕਈ ਮਜ਼ਦੂਰਾਂ ਨੂੰ ਬਚਾ ਲਿਆ ਗਿਆ। ਮਲਬੇ ਹੇਠਾਂ ਆਏ ਮਜ਼ੂਦਰਾਂ ਨੂੰ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਇਸ ਮੌਕੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਸੂਚਨਾ ਮਿਲੀ ਸੀ।ਇਸ ਲਈ ਉਹ ਆਪਣੀ ਟੀਮ ਦੇ ਨਾਲ ਇੱਥੇ ਪਹੁੰਚੇ ਹਨ। ਅਜੇ ਕਈ ਮਜ਼ਦੂਰਾਂ ਦੇ ਲੈਂਟਰ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਮਲਬੇ ਹੇਠੋਂ ਕੱਢੇ ਗਏ ਇਕ ਮਜ਼ਦੂਰ ਦੇ ਅਨੁਸਾਰ ਉਹ ਹੇਠਾਂ ਕੰਮ ਕਰ ਰਹੇ ਸੀ, ਜਦੋਂ ਲੈਂਟਰ ਡਿੱਗ ਗਿਆ।
ਉਸ ਦੇ ਅਨੁਸਾਰ 4 ਦੇ ਕਰੀਬ ਵਿਅਕਤੀ ਹੇਠਾਂ ਕੰਮ ਕਰ ਰਹੇ ਸਨ। ਇਨ੍ਹਾਂ ‘ਚੋਂ ਇਕ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸ ਨੂੰ ਹਸਪਤਾਲ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।