ਦਿਵਿਆ ਦੱਤਾ ਤੇ ਗਿੱਪੀ ਗਰੇਵਾਲ ਦੀ ਫਿਲਮ ‘ਮਾਂ’ ਅੱਜ ਰਿਲੀਜ਼ ਹੋ ਗਈ ਹੈ। ਜਿਸ ਦਾ ਰਵਨੀਤ ਕੌਰ ਗਰੇਵਾਲ ਤੇ ਗਿੱਪੀ ਗਰੇਵਾਲ (Gippy Grewal) ਨੇ ਨਿਰਮਾਣ ਕੀਤਾ ਹੈ। ਭਾਨਾ ਐਲਏ ਤੇ ਵਿਨੋਦ ਅਸਵਾਲ ਦੁਆਰਾ ਸਹਿ-ਨਿਰਮਾਣ ਕੀਤਾ ਗਿਆ ਹੈ। ਇਸ ਫਿਲਮ ਦਾ ਨਿਰਦੇਸ਼ਨ ਬਲਜੀਤ ਸਿੰਘ ਦਿਓ ਨੇ ਕੀਤਾ ਹੈ ਤੇ ਰਾਣਾ ਰਣਬੀਰ ਨੇ ਇਸ ਦੀ ਕਹਾਣੀ ਲਿਖੀ ਹੈ।
ਗਿੱਪੀ ਗਰੇਵਾਲ ਤੋਂ ਇਲਾਵਾ, ਫਿਲਮ ਵਿੱਚ ਬਹੁਮੁਖੀ ਅਦਾਕਾਰਾ ਦਿਵਿਆ ਦੱਤਾ (Divya Dutta) ਵੀ ਮੁੱਖ ਭੂਮਿਕਾ ਮਾਂ ਵਿੱਚ ਹੈ। ਪ੍ਰਭਾਵਸ਼ਾਲੀ ਸਟਾਰ ਕਾਸਟ ਵਿੱਚ ਰਾਣਾ ਰਣਬੀਰ, ਗੁਰਪ੍ਰੀਤ ਘੁੱਗੀ, ਬੱਬਲ ਰਾਏ, ਆਰੂਸ਼ੀ ਸ਼ਰਮਾ, ਰਘਵੀਰ ਬੋਲੀ, ਸਮੀਪ ਸਿੰਘ ਤੇ ਵੱਡਾ ਗਰੇਵਾਲ ਸ਼ਾਮਲ ਹਨ। ਇਸ ਤੋਂ ਇਲਾਵਾ, ਇਹ ਫ਼ਿਲਮ ਸਾਨੂੰ ਪ੍ਰਸਿੱਧ ਪੰਜਾਬੀ ਗਾਇਕ ਜੋੜੀ ਅਮਰ ਨੂਰੀ ਤੇ ਸਵਰਗਵਾਸੀ ਸਰਦੂਲ ਸਿਕੰਦਰ ਨੂੰ ਦੇਖਣ ਦਾ ਵੀ ਮੌਕਾ ਦੇਵੇਗੀ।
ਫਿਲਮ ਦੇ ਗੀਤ ਹੈਪੀ ਰਾਏਕੋਟੀ, ਰਿੱਕੀ ਖਾਨ ਤੇ ਫਤਿਹ ਸ਼ੇਰਗਿੱਲ ਦੇ ਲਿਖੇ ਹਨ ਜਿਨ੍ਹਾਂ ਨੂੰ ਜੇਕੇ ਤੇ ਦੇਸੀ ਕਰੂ ਨੇ ਸੰਗੀਤ ਦਿੱਤਾ ਹੈ, ਇਸ ਫਿਲਮ ਵਿੱਚ ਹਰਭਜਨ ਮਾਨ, ਫਿਰੋਜ਼ ਖਾਨ, ਕਮਲ ਖਾਨ, ਕਰਮਜੀਤ ਅਨਮੋਲ, ਰਿੱਕੀ ਖਾਨ, ਅਮਰ ਨੂਰੀ ਤੇ ਸਵਰਗੀ ਸਰਦੂਲ ਸਿਕੰਦਰ ਨੇ ਆਵਾਜ਼ ਦਿੱਤੀ ਹੈ।