ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਵਲੋਂ ਹਾਈਕੋਰਟ ਤੋਂ ਪੇਸ਼ੀ ਤੋਂ ਛੋਟ ਦੇਣ ਦੀ ਪਟੀਸ਼ਨ ਦੀ ਅੱਜ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਸੁਣਵਾਈ ਹੋਵੇਗੀ।
ਫਰੀਦਕੋਟ ਅਦਾਲਤ ਵੱਲੋਂ ਡੇਰਾ ਸਿਰਸਾ ਮੁਖੀ ਨੂੰ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਗਏ ਸਨ । ਜਿਸ ਤੇ ਰਾਮ ਰਹੀਮ ਨੇ ਹਾਈ ਕੋਰਟ ਵਿੱਚ ਪਟੀਸ਼ਨ ਪਾ ਕੇ ਪੇਸ਼ੀ ਤੋਂ ਛੋਟ ਦੀ ਮੰਗ ਕੀਤੀ ਹੈ।
ਇਸੇ ਤਰ੍ਹਾਂ ਦੀ ਮੰਗ ਪਿਛਲੇ ਸਾਲ ਵੀ ਕੀਤੀ ਗਈ ਸੀ। ਫਰੀਦਕੋਟ ਦੀ ਅਦਾਲਤ ਵੱਲੋਂ ਡੇਰਾ ਮੁਖੀ ਦੇ ਪ੍ਰੋਡਕਸ਼ਨ ਵਾਰੰਟ ਵੀ ਜਾਰੀ ਕੀਤੇ ਗਏ ਸੀ ਪਰ ਹਾਈ ਕੋਰਟ ਨੇ ਸਪੱਸ਼ਟ ਕਿਹਾ ਸੀ ਕਿ ਸੁਰੱਖਿਆ ਕਾਰਨਾਂ ਕਰਕੇ ਡੇਰਾ ਮੁਖੀ ਨੂੰ ਪੰਜਾਬ ਨਹੀਂ ਭੇਜਿਆ ਜਾ ਸਕਦਾ। ਅਜਿਹੇ ‘ਚ ਪੰਜਾਬ ਪੁਲਿਸ ਦੀ ਐਸਆਈਟੀ ਸੁਨਾਰੀਆ ਜੇਲ੍ਹ ਗਈ, ਪਰ ਪੁੱਛਗਿੱਛ ‘ਚ ਕੁਝ ਜ਼ਿਆਦਾ ਨਹੀਂ ਨਿਕਲਿਆ।
ਦੱਸ ਦਈਏ ਕਿ ਡੇਰਾ ਮੁਖੀ ਨੂੰ ਪੰਚਕੂਲਾ ਅਦਾਲਤ ਨੇ 2017 ਵਿੱਚ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ 20 ਸਾਲ ਦੀ ਸਜ਼ਾ ਸੁਣਾਈ ਸੀ। ਇਸ ਤੋਂ ਇਲਾਵਾ ਪੱਤਰਕਾਰ ਰਾਮਚੰਦਰ ਛਤਰਪਤੀ ਤੇ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਕੇਸ ਵਿੱਚ ਵੀ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਕਰੀਬ 400 ਸਾਧੂਆਂ ਨੂੰ ਨਪੁੰਸ਼ਕ ਬਣਾਉਣ ਤੇ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਤੇ ਸੁਣਵਾਈ ਚੱਲ ਰਹੀ ਹੈ।