ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਅੱਜ ਸਿੱਧੂ ਦੇ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੀਤੇ ਦਿਨ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਹੈ ਅਤੇ ਉਨ੍ਹਾਂ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਸ਼ੱਕੀ ਵਿਅਕਤੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਬਲਕੌਰ ਸਿੰਘ ਨੇ ਕਿਹਾ ਕਿ ਪੰਜਾਬ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ ਅਤੇ ਜੋ ਕੰਮ ਸਰਕਾਰ ਨੂੰ 6 ਮਹੀਨੇ ਪਹਿਲਾਂ ਕਰਨਾ ਚਾਹੀਦਾ ਸੀ ਉਹ ਹੁਣ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਹਿਲਾਂ ਇਸ ਮਾਮਲੇ ਨੂੰ ਜ਼ਿਆਦਾ ਤਵਜੋ ਨਹੀਂ ਦਿੱਤੀ ਗਈ ਅਤੇ ਮੁਲਜ਼ਮਾਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਨਹੀਂ ਕੀਤੀ ਗਈ ਪਰ ਹੁਣ ਸਾਰੀ ਜਾਂਚ ਦੀ ਸ਼ੁਰੂਆਤ ਨਵੇਂ ਸਿਰੋਂ ਕੀਤੀ ਗਈ ਹੈ। ਪਹਿਲਾਂ ਵਾਲੀ ਜਾਂਚ ‘ਚ ਤਾਂ ਮਾਨਸਾ ਪੁਲਸ ਦੇ ਸੀ. ਆਈ. ਏ. ਸਟਾਫ਼ ਦਾ ਮੁਖੀ ਹੀ ਗੈਂਗਸਟਰਾਂ ਨਾਲ ਮਿਲਿਆ ਹੋਇਆ ਸੀ, ਜਿਸ ਕਾਰਨ ਇਕ ਵਾਰ ਪੁਲਸ ਦੀ ਕਾਰਵਾਈ ਤੋਂ ਭਰੋਸਾ ਉੱਠ ਗਿਆ ਸੀ ਪਰ ਹੁਣ ਉਮੀਦ ਜਾਗ ਰਹੀ ਹੈ ਕਿ ਇਨਸਾਫ਼ ਮਿਲ ਜਾਵੇਗਾ। ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਅਸੀਂ ਨਾ ਸਰਕਾਰ ਦੀ ਚਾਪਲੂਸੀ ਕਰਦੇ ਹਾਂ ਨਾ ਪੁਲਸ ਦੀ।

ਸਿੱਧੂ ਦੇ ਪਿਤਾ ਨੇ ਕਿਹਾ ਕਿ ਜ਼ਿਆਦਾ ਜਲਦਬਾਜ਼ੀ ਕਰਨਾ ਵੀ ਠੀਕ ਨਹੀਂ ਅਤੇ ਇਸੇ ਲਈ ਮੈਂ ਪ੍ਰਸ਼ਾਸਨ ਨਾਲ ਪੂਰਾ ਸਹਿਯੋਗ ਕਰ ਰਿਹਾ ਹਾਂ। ਜੇਕਰ ਅਸੀਂ ਇਨਸਾਫ਼ ਲਈ ਥਾਂ-ਥਾਂ ‘ਤੇ ਧਰਨੇ ਵੀ ਲਗਾਉਂਦੇ ਹਾਂ ਉਸ ਨਾਲ ਕੁਝ ਖਾਸ ਫ਼ਰਕ ਨਹੀਂ ਪੈਣਾ ਸਗੋਂ ਉਹੀ ਹੋਵੇਗਾ ਜੋ ਪ੍ਰਸ਼ਾਸਨ ਨੇ ਆਪਣੇ ਤੌਰ ‘ਤੇ ਕਰਨਾ ਹੈ ਤੇ ਮੈਂ ਨਹੀਂ ਚਾਹੁੰਦਾ ਕਿ ਮੇਰੇ ਕਾਰਨ ਕਿਸੇ ਨੂੰ ਕੋਈ ਪਰੇਸ਼ਾਨੀ ਹੋਵੇ। ਉਨ੍ਹਾਂ ਕਿਹਾ ਕਿ ਕਈ ਸਿਆਸੀ ਆਗੂ ਸਿੱਧੂ ਜਾਂ ਮੇਰੇ ਖ਼ਿਲਾਫ਼ ਤਿੱਖੀ ਪ੍ਰਤੀਕਿਰਿਆਵਾਂ ਦੇ ਰਹੇ ਹਨ ਅਤੇ ਲੋਕਾਂ ਵੱਲੋਂ ਉਨ੍ਹਾਂ ਦੀ ਨਿਖੇਧੀ ਵੀ ਕੀਤੀ ਜਾ ਰਹੀ ਹੈ ਪਰ ਇਨ੍ਹਾਂ ਸਿਆਸੀ ਆਗੂ ਨੇ ਇਸ ਨੂੰ ਕਮਾਈ ਦਾ ਸਾਧਨ ਬਣਾ ਲਿਆ ਹੈ। ਬਲਕੌਰ ਸਿੰਘ ਨੇ ਕਿਹਾ ਕਿ ਇਹ ਉਹ ਆਗੂ ਹਨ, ਜਿਨ੍ਹਾਂ ਨੂੰ ਕੋਈ ਬੁਲਾ ਕੇ ਵੀ ਰਾਜ਼ੀ ਨਹੀਂ ਅਤੇ ਜੋ ਗੱਲਾਂ ਉਹ ਕਰਦੇ ਹਨ ਉਹ ਬਿਆਨ ਨਹੀਂ ਹੁੰਦੇ, ਬਿਆਨ ਉਹ ਹੁੰਦਾ ਹੈ ਜਿਸ ਨੂੰ ਚਾਰ ਵਿਅਕਤੀਆਂ ‘ਚ ਬੈਠ ਕੇ ਕਿਹਾ ਜਾਵੇ।

ਇਹ ਵੀ ਪੜ੍ਹੋ – ਭਾਰਤ ਪਾਕਿ ਸਰਹੱਦ ‘ਤੇ ਫਿਰ ਦਿਖਾਈ ਦਿੱਤਾ ਡਰੋਨ, BSF ਜਵਾਨਾਂ ਨੇ ਫਾਇਰਿੰਗ ਕਰ ਸੁੱਟਿਆ…

ਸਿੱਧੂ ਦੇ ਪਿਤਾ ਨੇ ਕਿਹਾ ਕਿ ਅਸੀਂ ਘਰ ਦੇ ਬਾਦਸ਼ਾਹ ਸੀ ਅਤੇ ਜੇ ਅਸੀਂ ਸਿਆਸਤ ‘ਚ ਆਏ ਸੀ ਤਾਂ ਸਾਡਾ ਟੀਚਾ ਇਲਾਕੇ ਨੂੰ ਸਮਰਪਤ ਸੀ। ਸਿੱਧੂ ਨੇ ਬਹੁਤ ਪੈਸਾ ਕਮਾਇਆ ਹੈ ਅਤੇ ਮੈਨੂੰ ਕਿਸੇ ਅੱਗੇ ਹੱਥ ਫੈਲਾਉਣ ਦੀ ਲੋੜ ਨਹੀਂ। ਸਿੱਧੂ ਹਮੇਸ਼ਾ ਲੋਕਾਂ ‘ਚ ਜਿਉਂਦਾ ਰਹੇਗਾ। ਇਸ ਤੋਂ ਇਲਾਵਾ ਬਲਕੌਰ ਸਿੰਘ ਨੇ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਸਿੱਧੂ ਜਾਂ ਸਾਡੇ ਬਾਰੇ ਗ਼ਲਤ ਬੋਲਦਾ ਹੈ ਤਾਂ ਬਦਲੇ ‘ਚ ਉਸ ਨੂੰ ਕੁਝ ਨਾ ਬੋਲੋ ਅਤੇ ਉਸ ‘ਤੇ ਧਿਆਨ ਨਾ ਦਿਓ। ਉਨ੍ਹਾਂ ਆਖਿਆ ਕਿ ਲੋਕਾਂ ਨੇ ਮੈਨੂੰ ਇਸ ਕਾਬਲ ਕੀਤਾ ਹੈ ਕਿ ਮੈਂ ਲੜਾਈ ਲੜ ਸਕਾ ਅਤੇ ਕਰੋੜਾਂ ਲੋਕਾਂ ਦੀਆਂ ਦੁਆਵਾਂ ਸਾਡੇ ਨਾਲ ਹਨ

LEAVE A REPLY

Please enter your comment!
Please enter your name here