ਭਾਰਤ ‘ਚ ਕੋਰੋਨਾ ਦਾ ਕਹਿਰ ਜਾਰੀ ਹੈ। ਕਈ ਰਾਜਾਂ ਵਿੱਚ ਕੋਰੋਨਾ ਦੇ ਮਾਮਲਿਆਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਗੋਆ ਉਨ੍ਹਾਂ ਰਾਜਾਂ ਵਿੱਚੋਂ ਇੱਕ ਹੈ ਜਿੱਥੇ ਸੰਕਰਮਿਤ ਲੋਕਾਂ ਦੀ ਗਿਣਤੀ ਵਿੱਚ ਅਚਾਨਕ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਸੂਬੇ ‘ਚ ਕੋਰੋਨਾ ਦੇ ਵਧਦੇ ਸੰਕ੍ਰਮਣ ਦੇ ਮੱਦੇਨਜ਼ਰ ਰਾਜ ਭਵਨ ਨੂੰ ਇਕ ਹਫਤੇ ਲਈ ਯਾਨੀ 23 ਜਨਵਰੀ 2022 ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਰਾਜਪਾਲ ਦੇ ਸੰਯੁਕਤ ਸਕੱਤਰ ਗੌਰੀਸ਼ ਜੇ. ਸ਼ੰਖਵਾਲਕਰ ਨੇ ਹੁਕਮ ‘ਚ ਕਿਹਾ ਹੈ ਕਿ ਰਾਜ ਭਵਨ ਦੇ ਕਈ ਕਰਮਚਾਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਜਿਸ ਦੇ ਮੱਦੇਨਜ਼ਰ ਰਾਜ ਭਵਨ ਨੂੰ ਇੱਕ ਹਫਤੇ ਲਈ ਬੰਦ ਕਰਨ ਦਾ ਹੁਕਮ ਦਿੱਤਾ ਗਿਆ ਹੈ।
ਗੋਆ ਦੇ ਸਿਹਤ ਵਿਭਾਗ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਪਿਛਲੇ ਦਿਨ ਕੋਰੋਨਾ ਦੇ 3,274 ਸੰਕਰਮਿਤ ਪਾਏ ਗਏ ਹਨ। ਜਦਕਿ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਸੂਬੇ ਵਿੱਚ ਇਨਫੈਕਸ਼ਨ ਦੀ ਦਰ ਬਹੁਤ ਜ਼ਿਆਦਾ ਦਰਜ ਕੀਤੀ ਜਾ ਰਹੀ ਹੈ। ਪਿਛਲੇ ਦਿਨ ਸੰਕਰਮਣ ਦੀ ਦਰ ਵਧ ਕੇ 38.16 ਫੀਸਦੀ ਹੋ ਗਈ ਹੈ। ਹਾਲਾਂਕਿ ਇੱਕ ਦਿਨ ਵਿੱਚ 1,789 ਲੋਕ ਠੀਕ ਹੋ ਕੇ ਘਰ ਪਰਤੇ ਹਨ। ਇਸ ਦੇ ਨਾਲ ਹੀ ਰਾਜ ਵਿੱਚ ਇਸ ਸਮੇਂ 20,078 ਕੋਰੋਨਾ ਸੰਕਰਮਿਤ ਇਲਾਜ ਅਧੀਨ ਹਨ।