ਭਿੱਖੀਵਿੰਡ ਵਿਚ ਅੱਜ ਉਸ ਵੇਲੇ ਡਰ ਦਾ ਮਾਹੌਲ ਬਣ ਗਿਆ, ਜਦ ਪੱਟੀ ਰੋਡ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ ਵਿੱਚ ਚੱਲ ਰਹੇ ਕ੍ਰਿਕਟ ਟੂਰਨਾਮੈਂਟ ਦੌਰਾਨ ਇਕ ਲੜਕੇ ਨੂੰ ਉਸਦੇ ਕੁਝ ਜਾਣਨ ਵਾਲੇ ਵਿਅਕਤੀਆਂ ਨੇ ਫਾਇਰ ਕਰਕੇ ਅਗਵਾ ਕਰ ਲਿਆ। ਇਸ ਤੋਂ ਬਾਅਦ ਪੱਟੀ ਰੋਡ ਸਥਿਤ ਪਾਮ ਗਾਰਡਨ ਦੇ ਨਜ਼ਦੀਕ ਸਿਰ ਵਿਚ ਗੰਭੀਰ ਸੱਟਾਂ ਮਾਰ ਕੇ ਗੱਡੀ ਤੋਂ ਸੁੱਟ ਗਏ।

ਜ਼ਖ਼ਮੀ ਹਾਲਤ ਵਿਚ ਪੁਲਿਸ ਥਾਣਾ ਭਿੱਖੀਵਿੰਡ ਵਿੱਚ ਪਹੁੰਚੇ ਵਰੁਣ ਕੁਮਾਰ ਨੇ ਦੱਸਿਆ ਕਿ ਉਸ ਦੇ ਹੀ ਕੁਝ ਚਾਰ-ਪੰਜ ਦੋਸਤਾਂ ਅਤੇ ਅਣਪਛਾਤੇ ਵਿਅਕਤੀਆਂ ਨੇ ਅੱਜ ਚੱਲਦੇ ਕ੍ਰਿਕਟ ਮੈਚ ਦੌਰਾਨ ਉਸਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਜਦਕਿ ਉਸ ਦੌਰਾਨ ਹੋਰ 25-30 ਵਿਅਕਤੀ ਮੈਚ ਦੇਖ ਰਹੇ ਸਨ। ਉਸ ਨੂੰ ਉਕਤ ਨੌਜਵਾਨਾਂ ਨੇ ਗੱਡੀ ਵਿਚ ਬੈਠਣ ਲਈ ਕਿਹਾ। ਉਸ ਵੱਲੋਂ ਇਨਕਾਰ ਕਰਨ ’ਤੇ ਗੱਡੀ ਵਿੱਚੋਂ ਉਤਰੇ ਇਕ ਵਿਅਕਤੀ ਨੇ ਦੋ ਫਾਇਰ ਕੀਤੇ, ਜਿਸ ਨਾਲ ਬਾਕੀ ਲੋਕ ਡਰ ਗਏ ਅਤੇ ਪਿੱਛੇ ਹਟ ਗਏ।

ਉਸ ਤੋਂ ਬਾਅਦ ਇੱਕ ਹੋਰ ਨੌਜਵਾਨ ਗੱਡੀ ਵਿਚੋਂ ਉਤਰਿਆ ਅਤੇ ਦੋ ਫਾਇਰ ਹੋਰ ਕੀਤੇ ਅਤੇ ਜ਼ਬਰਦਸਤੀ ਵਰੁਣ ਨੂੰ ਗੱਡੀ ਵਿਚ ਸੁੱਟ ਲਿਆ। ਫਿਰ ਉਸ ਨੇ ਪਿਸਤੌਲ ਦੇ ਬੱਟ ਅਤੇ ਨਾਲ ਉਸ ਦੇ ਸਿਰ ’ਤੇ ਵਾਰ ਕੀਤਾ ਅਤੇ ਉਸ ਨੂੰ ਫੱਟੜ ਕਰ ਦਿੱਤਾ।ਉਨ੍ਹਾਂ ਨੇ ਉਸ ਨਾਲ ਕੁੱਟਮਾਰ ਕੀਤੀ ਤੇ ਫਿਰ ਉਹ ਉਸਨੂੰ ਪਾਮ ਗਾਰਡਨ ਪੱਟੀ ਰੋਡ ਨੇੜੇ ਸੁੱਟ ਗਏ।

ਵਰੁਣ ਨੇ ਦੱਸਿਆ ਕਿ ਇਹ ਵਿਅਕਤੀ ਮੇਰੇ ਜਾਣਕਾਰ ਸਨ ਅਤੇ ਪਿਛਲੇ ਦਿਨੀਂ ਅਸੀਂ ਸਾਰੇ ਅੰਮ੍ਰਿਤਸਰ ਵਿੱਚ ਇੱਕ ਹੋਟਲ ਵਿੱਚ ਗਏ ਸੀ ਜਿੱਥੇ ਇਨ੍ਹਾਂ ਦਾ ਹੋਟਲ ਦੇ ਮੈਨੇਜਰ ਨਾਲ ਝਗੜਾ ਹੋ ਗਿਆ। ਉਨ੍ਹਾਂ ਦੀ ਗਲਤੀ ਹੋਣ ਕਰਕੇ ਵਰੁਣ ਨੇ ਕਿਹਾ ਕਿ ਉਸਨੇ ਉਨ੍ਹਾਂ ਦਾ ਝਗੜੇ ਵਿੱਚ ਸਾਥ ਨਹੀਂ ਦਿੱਤਾ, ਜਿਸ ਕਰਕੇ ਉਹ ਉਸ ਨੂੰ ਧਮਕਾਉਣ ਲੱਗ ਗਏ ਸਨ।

ਇਸ ਸੰਬੰਧੀ ਥਾਣਾ ਮੁਖੀ ਬਲਵਿੰਦਰ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾਂ ਨੇ ਕਿਹਾ ਕਿ ਵਰੁਣ ਕੁਮਾਰ ਵੱਲੋਂ ਲਿਖਤੀ ਦਰਖਾਸਤ ਦੇ ਦਿੱਤੀ ਗਈ ਹੈ। ਪੜਤਾਲ ਕਰਕੇ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here